For the best experience, open
https://m.punjabitribuneonline.com
on your mobile browser.
Advertisement

ਪ੍ਰਭੂਸੱਤਾ ਖ਼ਤਰੇ ਵਿਚ ਹੋਈ ਤਾਂ ਪਰਮਾਣੂ ਹਥਿਆਰ ਵਰਤਣ ਲਈ ਤਿਆਰ: ਪੂਤਿਨ

07:15 AM Mar 14, 2024 IST
ਪ੍ਰਭੂਸੱਤਾ ਖ਼ਤਰੇ ਵਿਚ ਹੋਈ ਤਾਂ ਪਰਮਾਣੂ ਹਥਿਆਰ ਵਰਤਣ ਲਈ ਤਿਆਰ  ਪੂਤਿਨ
ਮੀਡੀਆ ਅਦਾਰੇ ਨੂੰ ਇੰਟਰਵਿਊ ਦਿੰਦੇ ਹੋਏ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ। -ਫੋਟੋ: ਰਾਇਟਰਜ਼
Advertisement

ਮਾਸਕੋ, 13 ਮਾਰਚ
ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੀ ਪ੍ਰਦੇਸ਼ਕ ਅਖੰਡਤਾ, ਪ੍ਰਭੂਸੱਤਾ ਜਾਂ ਆਜ਼ਾਦੀ ਲਈ ਕੋਈ ਖ਼ਤਰਾ ਪੈਦਾ ਹੁੰਦਾ ਹੈ ਤਾਂ ਰੂਸ ਪਰਮਾਣੂ ਹਥਿਆਰ ਵਰਤਣ ਲਈ ਤਿਆਰ ਹੈ। ਉਂਜ ਰੂਸੀ ਸਦਰ ਨੇ ਆਸ ਜਤਾਈ ਕਿ ਅਮਰੀਕਾ ਖਿੱਤੇ ਵਿਚ ਅਜਿਹੀਆਂ ਕਾਰਵਾਈਆਂ ਤੋਂ ਬਚੇਗਾ ਜੋ ਪਰਮਾਣੂ ਟਕਰਾਅ ਨੂੰ ਹੱਲਾਸ਼ੇਰੀ ਦੇ ਸਕਦੀਆਂ ਹਨ। ਪੂਤਿਨ ਦਾ ਇਹ ਬਿਆਨ ਇਸ ਹਫ਼ਤੇ ਹੋਣ ਵਾਲੀ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਪੱਛਮ ਨੂੰ ਇਕ ਹੋਰ ਚਿਤਾਵਨੀ ਹੈ। ਪੂਤਿਨ ਦਾ ਇਨ੍ਹਾਂ ਚੋਣਾਂ ਵਿਚ 6ਵੀਂ ਵਾਰ ਰੂਸ ਦਾ ਰਾਸ਼ਟਰਪਤੀ ਬਣਨਾ ਲਗਪਗ ਤੈਅ ਹੈ।
ਰੂਸ ਦੇ ਸਰਕਾਰੀ ਟੀਵੀ ਨੂੰ ਦਿੱਤੀ ਇੰਟਰਵਿਊ ਦੌਰਾਨ ਪੂਤਿਨ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤਜਰਬੇਕਾਰ ਸਿਆਸਤਦਾਨ ਹਨ ਜਿਨ੍ਹਾਂ ਨੂੰ ਟਕਰਾਅ ਦੇ ਸੰਭਾਵੀ ਖ਼ਤਰਿਆਂ ਦੀ ਪੂਰੀ ਸਮਝ ਹੈ। ਪੂਤਿਨ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਵਿਸ਼ਵ ਪਰਮਾਣੂ ਜੰਗ ਵੱਲ ਵੱਧ ਰਿਹਾ ਹੈ। ਰੂਸੀ ਰਾਸ਼ਟਰਪਤੀ ਨੇ ਹਾਲਾਂਕਿ ਜ਼ੋਰ ਦੇ ਕੇ ਆਖਿਆ ਕਿ ਰੂਸੀ ਪਰਮਾਣੂ ਬਲ ਤਿਆਰ-ਬਰ-ਤਿਆਰ ਹਨ। ਪੂਤਿਨ ਨੂੰ ਜਦੋਂ ਪੁੱਛਿਆ ਕਿ ਕੀ ਯੂਕਰੇਨ ਨਾਲ ਜੰਗ ਦੌਰਾਨ ਕਦੇ ਪਰਮਾਣੂ ਹਥਿਆਰ ਵਰਤਣ ਬਾਰੇ ਵਿਚਾਰ ਆਇਆ ਹੋਵੇ ਤਾਂ ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਇਸ ਦੀ ਕੋਈ ਲੋੜ ਨਹੀਂ ਹੈ। ਪੂਤਿਨ ਨੇ ਵਿਸ਼ਵਾਸ ਜਤਾਇਆ ਕਿ ਮਾਸਕੋ ਯੂਕਰੇਨ ਵਿਚ ਲੋੜੀਂਦਾ ਟੀਚਾ ਹਾਸਲ ਕਰ ਲਏਗਾ। ਉਂਜ ਉਨ੍ਹਾਂ ਨਾਲ ਹੀ ਇਹ ਗੱਲ ਵੀ ਆਖੀ ਕਿ ਗੱਲਬਾਤ ਦੇ ਦਰ ਖੁੱਲ੍ਹੇ ਹਨ। ਰਾਸ਼ਟਰਪਤੀ ਨੇ ਕਿਹਾ ਕਿ ਯੂਕਰੇਨ ਵੱਲੋਂ ਪਿਛਲੇ ਦਿਨਾਂ ਵਿਚ ਰੂਸ ਦੇ ਧੁਰ ਅੰਦਰ ਕੀਤੇ ਡਰੋਨ ਹਮਲੇ ਦੇਸ਼ ਵਿਚ ਹੋਣ ਵਾਲੀਆਂ ਤਿੰਨ ਰੋਜ਼ਾ ਰਾਸ਼ਟਰਪਤੀ ਚੋਣਾਂ ਨੂੰ ਲੀਹੋਂ ਲਾਹੁਣ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×