ਬੰਗਾਲ ਦੇ ਲੋਕਾਂ ਲਈ ਅਸਤੀਫ਼ਾ ਦੇਣ ਨੂੰ ਤਿਆਰ: ਮਮਤਾ
ਕੋਲਕਾਤਾ, 12 ਸਤੰਬਰ
ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ’ਚ ਮਹਿਲਾ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਦੇ ਮਾਮਲੇ ’ਚ ਧਰਨਾ ਦੇ ਰਹੇ ਜੂਨੀਅਰ ਡਾਕਟਰਾਂ ਅਤੇ ਸੂਬਾ ਸਰਕਾਰ ਵਿਚਕਾਰ ਗੱਲਬਾਤ ਨੂੰ ਲੈ ਕੇ ਜਾਰੀ ਅੜਿੱਕੇ ਦਰਮਿਆਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਉਹ ਬੰਗਾਲ ਦੇ ਲੋਕਾਂ ਲਈ ਅਹੁਦੇ ਤੋਂ ਅਸਤੀਫ਼ਾ ਦੇਣ ਵਾਸਤੇ ਤਿਆਰ ਹੈ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਮੁੱਖ ਮੰਤਰੀ ਅਤੇ ਪੱਛਮੀ ਬੰਗਾਲ ਜੂਨੀਅਰ ਡਾਕਟਰਜ਼ ਫੋਰਮ ਦੇ 30 ਮੈਂਬਰੀ ਵਫ਼ਦ ਵਿਚਕਾਰ ਅੱਜ ਵੀ ਗੱਲਬਾਤ ਨਹੀਂ ਹੋ ਸਕੀ। ਡਾਕਟਰਾਂ ਨੇ ਸ਼ਰਤ ਰੱਖੀ ਹੈ ਕਿ ਮੀਟਿੰਗ ਦਾ ਸਿੱਧਾ ਪ੍ਰਸਾਰਣ ਹੋਵੇ ਪਰ ਸਰਕਾਰ ਨੇ ਕਿਹਾ ਕਿ ਇਹ ਸੰਭਵ ਨਹੀਂ ਹੈ। ਡਾਕਟਰਾਂ ਨੇ ਬਾਅਦ ’ਚ ਕਿਹਾ ਕਿ ਉਹ ਮਮਤਾ ਦਾ ਅਸਤੀਫ਼ਾ ਨਹੀਂ ਚਾਹੁੰਦੇ ਹਨ ਪਰ ਮੰਗਾਂ ਮੰਨੇ ਜਾਣ ਤੱਕ ਆਪਣਾ ਸੰਘਰਸ਼ ਜਾਰੀ ਰਖਣਗੇ।
ਮੀਟਿੰਗ ਲਈ ਡਾਟਕਰਾਂ ਦਾ ਵਫ਼ਦ ਨਾ ਪੁੱਜਣ ਮਗਰੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ, ‘ਸਾਡੀ ਸਰਕਾਰ ਦਾ ਅਪਮਾਨ ਹੋਇਆ ਹੈ। ਪਰ ਆਮ ਲੋਕ ਇਹ ਨਹੀਂ ਜਾਣਦੇ ਕਿ ਇਸ ਮਾਮਲੇ ਨੂੰ ਸਿਆਸੀ ਰੰਗਤ ਦਿੱਤੀ ਜਾ ਰਹੀ ਹੈ। ਉਹ ਇਨਸਾਫ਼ ਨਹੀਂ ਸਗੋਂ ਕੁਰਸੀ ਚਾਹੁੰਦੇ ਹਨ। ਮੈਂ ਅਸਤੀਫ਼ਾ ਦੇਣ ਲਈ ਤਿਆਰ ਹਾਂ। ਮੈਨੂੰ ਮੁੱਖ ਮੰਤਰੀ ਦਾ ਅਹੁਦਾ ਨਹੀਂ ਚਾਹੀਦਾ ਹੈ।’ ਮੁੱਖ ਮੰਤਰੀ ਨੇ ਕਿਹਾ ਕਿ ਉਹ ਜੂਨੀਅਰ ਡਾਕਟਰਾਂ ਨਾਲ ਮੀਟਿੰਗ ਦੇ ਸਿੱਧੇ ਪ੍ਰਸਾਰਣ ਦੀ ਇਜਾਜ਼ਤ ਨਹੀਂ ਦੇ ਸਕਦੇ ਹਨ ਕਿਉਂਕਿ ਆਰਜੀ ਕਰ ਹਸਪਤਾਲ ਦੇ ਮਾਮਲੇ ਦੀ ਜਾਂਚ ਸੀਬੀਆਈ ਵੱਲੋਂ ਕੀਤੀ ਜਾ ਰਹੀ ਹੈ ਅਤੇ ਇਹ ਮਾਮਲਾ ਸੁਪਰੀਮ ਕੋਰਟ ’ਚ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਇਹ ਮਾਮਲਾ ਸੁਪਰੀਮ ਕੋਰਟ ’ਚ ਨਾ ਹੁੰਦਾ ਤਾਂ ਉਨ੍ਹਾਂ ਮੀਟਿੰਗ ਦੇ ਸਿੱਧੇ ਪ੍ਰਸਾਰਣ ਦੀ ਇਜਾਜ਼ਤ ਦੇ ਦੇਣੀ ਸੀ। ਉਨ੍ਹਾਂ ਕਿਹਾ, ‘ਮੈਂ ਬੁੱਧਵਾਰ ਅਤੇ ਵੀਰਵਾਰ ਨੂੰ ਦੋ-ਦੋ ਘੰਟੇ ਤੋਂ ਵਧ ਸਮੇਂ ਤੱਕ ਡਾਕਟਰਾਂ ਦੀ ਉਡੀਕ ਕੀਤੀ। ਮੈਂ ਵਫ਼ਦ ਦੇ ਮੈਂਬਰਾਂ ਦੀ ਗਿਣਤੀ ਵੀ 15 ਤੋਂ 30 ਕਰ ਦਿੱਤੀ ਪਰ ਉਹ ਸਿੱਧੇ ਪ੍ਰਸਾਰਣ ’ਤੇ ਅੜੇ ਹੋਏ ਹਨ।’ ਮਮਤਾ ਨੇ ਡਾਕਟਰਾਂ ਨੂੰ ਕੰਮ ’ਤੇ ਪਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਗਰੀਬ ਲੋਕ ਤੜਫ ਰਹੇ ਹਨ ਅਤੇ ਉਨ੍ਹਾਂ ਨੂੰ ਇਲਾਜ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਡਾਕਟਰਾਂ ਨੂੰ ਕੰਮ ’ਤੇ ਪਰਤਣ ਦਾ ਅਲਟੀਮੇਟਮ ਦਿੱਤਾ ਸੀ ਪਰ ਉਹ ਨਹੀਂ ਪਰਤੇ ਹਨ ਅਤੇ ਉਹ ਉਨ੍ਹਾਂ ਨੂੰ ਮੁਆਫ਼ ਕਰਦੀ ਹੈ ਕਿਉਂਕਿ ਉਹ ਡਾਕਟਰਾਂ ਖ਼ਿਲਾਫ਼ ਕੋਈ ਕਾਲਾ ਕਾਨੂੰਨ ਵਰਤਣ ਦੇ ਪੱਖ ’ਚ ਨਹੀਂ ਹੈ। ਇਸ ਤੋਂ ਪਹਿਲਾਂ ਪ੍ਰਦਰਸ਼ਨਕਾਰੀ ਸ਼ਾਮ ਕਰੀਬ 5.25 ਵਜੇ ਮੀਟਿੰਗ ਲਈ ਸਕੱਤਰੇਤ ਪੁੱਜੇ ਸਨ ਪਰ ਉਹ ਇਕ ਘੰਟੇ ਤੱਕ ਬਾਹਰ ਹੀ ਬੈਠੇ ਆਪਸ ’ਚ ਵਿਚਾਰ ਵਟਾਂਦਰਾ ਕਰਦੇ ਰਹੇ। ਦੋਵੇਂ ਧਿਰਾਂ, ਸਰਕਾਰ ਅਤੇ ਡਾਕਟਰ ਆਪਣੀਆਂ ਆਪਣੀਆਂ ਸ਼ਰਤਾਂ ’ਤੇ ਅੜੇ ਰਹੇ। ਇਸ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਡਾਕਟਰਾਂ ਦੇ ਵਫ਼ਦ ਦੀ ਉਡੀਕ ਕਰਦੀ ਰਹੀ। ਡੀਜੀਪੀ ਰਾਜੀਵ ਕੁਮਾਰ, ਏਡੀਜੀ ਸੁਪ੍ਰਤਿਮ ਸਰਕਾਰ ਅਤੇ ਮੁੱਖ ਸਕੱਤਰ ਮਨੋਜ ਪੰਤ ਡਾਕਟਰਾਂ ਦੇ ਵਫ਼ਦ ਨੂੰ ਗੱਲਬਾਤ ਲਈ ਮਨਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਡਾਕਟਰ ਆਪਣੀ ਮੰਗ ’ਤੇ ਅੜੇ ਰਹੇ। ਮੁੱਖ ਸਕੱਤਰ ਨੇ ਕਿਹਾ ਕਿ ਮੀਟਿੰਗ ਦਾ ਸਿੱਧਾ ਪ੍ਰਸਾਰਣ ਸੰਭਵ ਨਹੀਂ ਹੈ ਅਤੇ ਡਾਕਟਰਾਂ ਨੂੰ ਭਰੋਸਾ ਦਿੱਤਾ ਸੀ ਕਿ ਗੱਲਬਾਤ ਰਿਕਾਰਡ ਕੀਤੀ ਜਾਵੇਗੀ ਪਰ ਡਾਕਟਰ ਨਹੀਂ ਮੰਨੇ। -ਆਈਏਐੱਨਐੱਸ
ਹਸਪਤਾਲ ਦੇ ਬਾਹਰ ਸ਼ੱਕੀ ਬੈਗ ਮਿਲਿਆ
ਕੋਲਕਾਤਾ:
ਆਰ ਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਨੇੜੇ ਇਕ ਸ਼ੱਕੀ ਬੈਗ ਬਰਾਮਦ ਹੋਇਆ। ਸ਼ੱਕੀ ਬੈਗ ਮਿਲਣ ਮਗਰੋਂ ਉਥੇ ਹਫ਼ੜਾ-ਦਫ਼ੜੀ ਦਾ ਮਾਹੌਲ ਬਣ ਗਿਆ। ਪੁਲੀਸ ਨੇ ਸੂਚਨਾ ਮਿਲਦੇ ਸਾਰ ਉਥੇ ਘੇਰਾ ਪਾ ਲਿਆ। ਮੌਕੇ ’ਤੇ ਕੁੱਤਿਆਂ ਦਾ ਦਸਤਾ ਅਤੇ ਬੰਬ ਨਕਾਰਾ ਟੀਮਾਂ ਪੁੱਜੀਆਂ। ਪੁਲੀਸ ਵੱਲੋਂ ਬੈਗ ਦੀ ਜਾਂਚ ਕੀਤੀ ਜਾ ਰਹੀ ਹੈ। -ਏਐੱਨਆਈ
ਹਸਪਤਾਲ ’ਚ ਵਿੱਤੀ ਬੇਨਿਯਮੀਆਂ ਦੇ ਮਾਮਲੇ ’ਚ ਈਡੀ ਵੱਲੋਂ ਛਾਪੇ
ਕੋਲਕਾਤਾ:
ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਰ ਜੀ ਕਰ ਹਸਪਤਾਲ ’ਚ ਵਿੱਤੀ ਬੇਨਿਯਮੀਆਂ ਦੇ ਮਾਮਲੇ ’ਚ ਅੱਜ ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼ ਦੇ ਨਜ਼ਦੀਕੀਆਂ ਦੇ ਘਰਾਂ ਅਤੇ ਦਫ਼ਤਰਾਂ ’ਤੇ ਛਾਪੇ ਮਾਰੇ। ਟੀਮ ਨੇ ਚੰਦਨ ਲੋਹਯਾ ਦੇ ਕੋਲਕਾਤਾ ਸਥਿਤ ਫਲੈਟ ਅਤੇ ਕਾਲਿੰਦੀ ’ਚ ਦਫ਼ਤਰ ’ਤੇ ਛਾਪਾ ਮਾਰਿਆ। ਈਡੀ ਦੀ ਇਕ ਹੋਰ ਟੀਮ ਨੇ ਘੋਸ਼ ਦੇ ਨੌਰਥ 24 ਪਰਗਨਾ ਜ਼ਿਲ੍ਹੇ ਦੇ ਚਿਨਾਰ ਪਾਰਕ ਸਥਿਤ ਜੱਦੀ ਘਰ ’ਤੇ ਵੀ ਛਾਪਾ ਮਾਰਿਆ। ਇਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਲੋਹਯਾ ਅਤੇ ਉਸ ਦੀ ਪਤਨੀ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਸੀਬੀਆਈ ਨੇ ਘੋਸ਼ ਅਤੇ ਉਸ ਦੇ ਤਿੰਨ ਸਾਥੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਹੋਇਆ ਹੈ। -ਪੀਟੀਆਈ