ਪੁਸਤਕ ਮੇਲੇ ’ਤੇ ਪਾਠਕਾਂ ਨੇ ਦਿਖਾਇਆ ਉਤਸ਼ਾਹ
ਟ੍ਰਿਬਿਊਨ ਨਿਊਜ਼ ਸਰਵਿਸ
ਕੈਲਗਰੀ: ਮਾਸਟਰ ਭਜਨ ਸਿੰਘ ਤੇ ਟੀਮ ਵੱਲੋਂ ‘ਸ਼ਹੀਦ ਭਗਤ ਸਿੰਘ ਬੁੱਕ ਸੈਂਟਰ’ ਦੇ ਬੈਨਰ ਹੇਠ ਇਸ ਸਾਲ ਦਾ ਤੀਜਾ ਇੱਕ ਰੋਜ਼ਾ ਪੁਸਤਕ ਮੇਲਾ ਗਰੀਨ ਪਲਾਜ਼ਾ ਵਿਖੇ ਲਗਾਇਆ ਗਿਆ। ਪੁਸਤਕ ਮੇਲੇ ਦਾ ਉਦਘਾਟਨ ਲੇਖਕ ਜਸਪਾਲ ਸਿੰਘ ਸਿੱਧੂ ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਪੰਜਾਬੀਆਂ ਵਿੱਚ ਪੁਸਤਕਾਂ ਪੜ੍ਹਨ ਦੀ ਘਾਟ ਆ ਰਹੀ ਹੈ, ਪਰ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਵੱਲੋਂ ਪਿਛਲੇ ਸਾਲਾਂ ਤੋਂ ਲਗਾਤਾਰ ਲਗਾਏ ਜਾ ਰਹੇ ਪੁਸਤਕ ਮੇਲੇ ਸ਼ਲਾਘਾਯੋਗ ਉੱਦਮ ਹਨ। ਉਨ੍ਹਾਂ ਮਾਸਟਰ ਭਜਨ ਸਿੰਘ ਤੇ ਟੀਮ ਦੀ ਪਾਠਕਾਂ ਨੂੰ ਵਿਦੇਸ਼ਾਂ ਵਿੱਚ ਕਿਤਾਬਾਂ ਮੁਹੱਈਆ ਕਰਾਉਣ ਦੀ ਭਰਪੂਰ ਸ਼ਲਾਘਾ ਕੀਤੀ।
ਇਸ ਮੌਕੇ ’ਤੇ ਜਸਪਾਲ ਸਿੰਘ ਸਿੱਧੂ ਨੂੰ ‘ਹੈਲਥੀ ਲਾਈਫ ਸਟਾਈਲ ਫਾਊਂਡੇਸ਼ਨ’ ਦੇ ਪ੍ਰਧਾਨ ਡਾ. ਸੁਖਵਿੰਦਰ ਸਿੰਘ ਬਰਾੜ ਦੀ ਹੈਲਥੀ ਲਾਈਫ ਸਟਾਈਲ ਬਾਰੇ ਅੰਗਰੇਜ਼ੀ ਵਿੱਚ ਲਿਖੀ ਕਿਤਾਬ ਭੇਟ ਕੀਤੀ ਗਈ।
ਮੇਲੇ ਵਿੱਚ ਹਰ ਵਰਗ ਦੇ ਪਾਠਕਾਂ ਨੇ ਬੜੇ ਉਤਸ਼ਾਹ ਨਾਲ ਕਿਤਾਬਾਂ ਖਰੀਦੀਆਂ। ਹਰ ਵਾਰ ਦੀ ਤਰ੍ਹਾਂ ਇਸ ਪੁਸਤਕ ਮੇਲੇ ਵਿੱਚ ਵੀ ਪੰਜਾਬੀ, ਹਿੰਦੀ ਤੇੇ ਅੰਗਰੇਜ਼ੀ ਦੀਆਂ ਸਾਹਿਤਕ, ਰਾਜਨੀਤਕ, ਸਮਾਜਿਕ, ਸਿਹਤ ਸਬੰਧੀ ਕਿਤਾਬਾਂ ਦੇ ਨਾਲ-ਨਾਲ ਹੋਰ ਭਾਸ਼ਾਵਾਂ ਵਿੱਚੋਂ ਪੰਜਾਬੀ ਵਿੱਚ ਅਨੁਵਾਦਕ ਵਿਸ਼ਵ ਪ੍ਰਸਿੱਧ ਪੁਸਤਕਾਂ ਵੀ ਰੱਖੀਆਂ ਗਈਆਂ ਸਨ। ਪਾਠਕਾਂ ਵੱਲੋਂ ਦਿਖਾਏ ਉਤਸ਼ਾਹ ਨਾਲ ਪ੍ਰਬੰਧਕਾਂ ਦੇ ਹੌਸਲੇ ਵੀ ਬੁਲੰਦ ਹੋਏ ਹਨ ਤੇ ਉਨ੍ਹਾਂ ਵੱਲੋਂ ਵਾਅਦਾ ਕੀਤਾ ਗਿਆ ਕਿ ਹਰ ਸੰਭਵ ਯਤਨ ਕਰਕੇ ਅੱਗੇ ਤੋਂ ਸਮਾਜਿਕ ਸਰੋਕਾਰਾਂ ਨੂੰ ਸਮਰਪਿਤ ਵਿਗਿਆਨਕ ਤੇ ਅਗਾਂਹਵਧੂ ਸੋਚ ਵਾਲੀਆਂ ਹੋਰ ਕਿਤਾਬਾਂ ਵੀ ਰੱਖੀਆਂ ਜਾਣਗੀਆਂ।
ਇਸ ਮੇਲੇ ਦਾ ਮਕਸਦ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨਾ ਸੀ। ਮੇੇਲੇ ਦੌਰਾਨ ਮੌਜੂਦ ਸ਼ਖ਼ਸੀਅਤਾਂ ਨੇ ਕਿਹਾ ਕਿ ਜ਼ਿੰਦਗੀ ਨੂੰ ਅਗਵਾਈ ਪ੍ਰਦਾਨ ਕਰਨ ਵਿੱਚ ਕਿਤਾਬਾਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਇਹ ਮਨੁੱਖ ਦਾ ਸਭ ਤੋਂ ਚੰਗਾ ਮਿੱਤਰ ਸਾਬਤ ਹੁੰਦੀਆਂ ਹਨ। ਇਸ ਲਈ ਹਰ ਕਿਸੇ ਨੂੰ ਕਿਤਾਬਾਂ ਨਾਲ ਸਾਂਝ ਪਾਉਣੀ ਜ਼ਰੂਰੀ ਹੈ। ਇਹ ਰੂਹ ਨੂੰ ਸਕੂਨ ਬਖ਼ਸ਼ਣ ਦੇ ਨਾਲ ਨਾਲ ਮਨੁੱਖ ਵਿੱਚ ਵਿਹਾਰਕ ਤਬਦੀਲੀਆਂ ਲਿਆਉਂਦੀਆਂ ਸਰਬਪੱਖੀ ਵਿਕਾਸ ਕਰਦੀਆਂ ਹਨ।