ਪੁਸਤਕਾਂ ਮਿਆਰੀ ਹੋਣ ਤਾਂ ਖ਼ਰੀਦ ਕੇ ਵੀ ਪੜ੍ਹਦੇ ਹਨ ਪਾਠਕ: ਜਗਮੇਲ ਸੰਧੂ
ਪੱਤਰ ਪ੍ਰੇਰਕ
ਸੰਗਰੂਰ, 25 ਜੁਲਾਈ
ਮਾਲਵਾ ਲਿਖਾਰੀ ਸਭਾ ਸੰਗਰੂਰ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੰਗਰੂਰ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਾਹਿਤਕਾਰ ਜਗਮੇਲ ਸਿੱਧੂ ਮੈਂਬਰ ਸਲਾਹਕਾਰ ਬੋਰਡ ਭਾਰਤੀ ਸਾਹਿਤ ਅਕੈਡਮੀ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਸਮਾਗਮ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਮੂਲ ਚੰਦ ਸ਼ਰਮਾ ਨੇ ਕੀਤੀ ਅਤੇ ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਨਾਲ ਸੁਰਿੰਦਰ ਸ਼ਰਮਾ, ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਸਰਪ੍ਰਸਤ ਡਾ: ਮੀਤ ਖਟੜਾ ਅਤੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਲੋਟੇ ਸ਼ਾਮਲ ਹੋਏ। ਇਸ ਮੌਕੇ ਗ਼ਜ਼ਲਗੋ ਸੁਖਵਿੰਦਰ ਸਿੰਘ ਲੋਟੇ ਦਾ ਗਜ਼ਲ ਸੰਗ੍ਰਹਿ ‘ਉਨ੍ਹਾਂ ਦੇ ਜਾਣ ਤੋਂ ਮਗਰੋਂ ਅਤੇ ਗੀਤਕਾਰ ਸੁਰਜੀਤ ਦੇਵਲ ਦਾ ਗੀਤ ਸੰਗ੍ਰਹਿ ‘ਚੱਲੇ ਨੇ ਹੱਕ ਲੈ ਕੇ’ ਲੋਕ ਅਰਪਣ ਕੀਤਾ ਗਿਆ। ਜਗਮੇਲ ਸਿੱਧੂ ਨੇ ਪੁਸਤਕਾਂ ਸਬੰਧੀ ਚਰਚਾ ਕਰਦਿਆਂ ਕਿਹਾ ਕਿ ਸੁਖਵਿੰਦਰ ਸਿੰਘ ਲੋਟੇ ਵੱਲੋਂ ਵਧੀਆ ਗਜ਼ਲਾਂ ਲਿਖਣ ਤੋਂ ਇਲਾਵਾ ਗਜ਼ਲ ਵਿਧਾ ਨੂੰ ਸਰਲ ਅਤੇ ਸੁਚੱਜੇ ਢੰਗ ਨਾਲ ਸਿਖਾਉਣ ਦਾ ਕਾਰਜ ਵੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਸਤਕਾਂ ਮਿਆਰੀ ਹੋਣ ਤਾਂ ਸੁਹਿਰਦ ਪਾਠਕ ਖ਼ਰੀਦੇ ਕੇ ਵੀ ਪੜ੍ਹਦੇ ਹਨ।