ਸ਼ੁਰੂਆਤ ਤੋਂ ਹੀ ਪਾਠਕ
‘ਪੰਜਾਬੀ ਟ੍ਰਿਬਿਊਨ’ ਛਪਣ ਦੇ ਸ਼ੁਰੂਆਤੀ ਦਿਨ ਤੋਂ ਹੀ ਮੈਂ ਇਸ ਦਾ ਪਾਠਕ ਰਿਹਾ ਹਾਂ। ਮੇਰੀਆਂ ਕਾਫ਼ੀ ਚਿੱਠੀਆਂ ਤੇ ਰਚਨਾਵਾਂ ‘ਪੰਜਾਬੀ ਟ੍ਰਿਬਿਊਨ’ ਵਿੱਚ ਛਪੀਆਂ ਵੀ ਹਨ। ਮੈਂ ਵੱਧ ਚਿਠੀਆਂ ਛਪਣ ਵਾਲੇ ਪਾਠਕਾਂ ਦੀ ਸੂਚੀ ਵਿੱਚ ਆਉਂਦਾ ਹਾਂ।
ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਣਾ ਵਿਖੇ ਫਰਵਰੀ 2002 ਤੋਂ ਫਰਵਰੀ 2007 ਤੱਕ ਪ੍ਰਿੰਸੀਪਲ ਸੀ। ਮਾਰਚ, ਅਪਰੈਲ ਵਿੱਚ ਹਰੇਕ ਸਾਲ ਵਾਂਗ 2002 ਵਿੱਚ ਬੋਰਡ ਦੀਆਂ ਦਸਵੀਂ, ਬਾਰ੍ਹਵੀਂ ਕਲਾਸਾਂ ਦੇ ਇਮਤਿਹਾਨ ਸਨ। ਮੈਂ ਇਮਤਿਹਾਨ ਦਾ ਕੰਟਰੋਲਰ ਵੀ ਸੀ। ਮੈਂ ਪੇਪਰਾਂ ਵਿੱਚ ਨਕਲ ਦਾ ਹਮੇਸ਼ਾ ਵਿਰੋਧੀ ਰਿਹਾ ਹਾਂ ਪਰ ਇਮਤਿਹਾਨ ਵਿੱਚ ਵਿਦਿਆਰਥੀਆਂ ਦੇ ਬੈਠਣ, ਪਾਣੀ ਆਦਿ ਦਾ ਸਹੀ ਪ੍ਰਬੰਧ ਕਰਨ ਦਾ ਹਾਮੀ ਰਿਹਾ ਹਾਂ। ਨਕਲ ਦੀ ਆਸ ਰੱਖਣ ਅਤੇ ਨਕਲ ਕਰਨਾ ਆਪਣਾ ਹੱਕ ਸਮਝਣ ਵਾਲਿਆਂ ਨੂੰ ਨਕਲ ਨਾ ਕਰਨ ਦਿੱਤੇ ਜਾਣ ’ਤੇ ਗੁੱਸਾ ਆਉਣਾ ਸੁਭਾਵਿਕ ਹੁੰਦਾ ਹੈ। ਅਜਿਹੇ ਕੁਝ ਬੰਦਿਆਂ ਅਤੇ ਸੀਨੀਅਰ ਪੱਤਰਕਾਰਾਂ ਨੇ ਇਹ ਗੁੱਸਾ ਸਕੂਲ ਦੇ ਪ੍ਰਿੰਸੀਪਲ/ਕੰਟਰੋਲਰ, ਸੁਪਰਡੈਂਟ ਪ੍ਰਤੀ ਅਖ਼ਬਾਰਾਂ ਵਿੱਚ ਉਸ ਸਕੂਲ ਵਿੱਚ ਵੱਡੀ ਪੱਧਰ ’ਤੇ ਨਕਲ ਹੋਣ ਦੀ ਖ਼ਬਰ ਭੇਜ ਕੇ ਕੱਢ ਦਿੱਤਾ। ‘ਪੰਜਾਬੀ ਟ੍ਰਿਬਿਊਨ’ ਵਿੱਚ ਜਦੋਂ ਇਹ ਖਬਰ ਛਪੀ ਤਾਂ ਮੈਨੂੰ ਬਹੁਤ ਦੁੱਖ ਹੋਇਆ।
ਮੈਂ ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਨੂੰ 4 ਸਫ਼ਿਆਂ ਦਾ ਜਵਾਬ ਲਿਖ ਕੇ ਭੇਜਿਆ। ਮੈਂ ਤੱਥਾਂ ਤੇ ਸਬੂਤਾਂ ਸਹਿਤ ਕੁਝ ਫੋਟੋਸਟੇਟ ਕਾਗਜ਼ ਵੀ ਨੱਥੀ ਕੀਤੇ। ਮੈਂ ਜਵਾਬ ਵਿੱਚ ਇਹ ਵੀ ਲਿਖਿਆ ਸੀ ਕਿ ‘‘ਜਿੱਥੇ ਮੈਂ ਪ੍ਰਿੰਸੀਪਲ ਹਾਂ ਮੈਂ ਖ਼ੁਦ ਇਸੇ ਸਕੂਲ ਵਿੱਚ 1965-66 ਵਿੱਚ ਨੌਵੀਂ, ਦਸਵੀਂ ਦਾ ਵਿਦਿਆਰਥੀ ਵੀ ਰਿਹਾ ਹਾਂ। ਮੇਰੇ ਕੇਂਦਰ ਵਿੱਚ ਨਕਲ ਹੋਣ ਦੀ ਝੂਠੀ ਖ਼ਬਰ ਛਾਪ ਕੇ ਮੇਰੇ ਸਕੂਲ ਦੀ ਬਹੁਤ ਬਦਨਾਮੀ ਹੋਈ ਹੈ। ਮੇਰੀਆਂ ‘ਪੰਜਾਬੀ ਟ੍ਰਿਬਿਊਨ’ ਨਾਲ ਭਾਵਨਾਵਾਂ ਜੁੜੀਆਂ ਹੋਈਆਂ ਹਨ। ਤੁਸੀਂ ਪੱਤਰਕਾਰ ਨੂੰ ਜ਼ਰੂਰ ਪੁੱਛੋ ਕਿ ਖ਼ਬਰ ਨਾਲ ਸਬੰਧਿਤ ਸਕੂਲ ਦੇ ਕਿਸੇ ਜ਼ਿੰਮੇਵਾਰ ਵਿਅਕਤੀ ਦਾ ਪੱਖ ਕਿਉਂ ਨਹੀਂ ਲਿਆ ਗਿਆ। ਮੈਨੰ ਪੂਰੀ ਆਸ ਹੈ ਕਿ ਤੁਸੀਂ ਮੈਨੂੰ ਇਨਸਾਫ਼ ਦੇਵੋਗੇ।’’
‘ਪੰਜਾਬੀ ਟ੍ਰਿਬਿਊਨ’ ਨੂੰ ਮੇਰੇ ਵੱਲੋਂ ਖ਼ਬਰ ਪ੍ਰਤੀ ਰੋਸ ਲਿਖ ਕੇ ਭੇਜਣ ਦਾ ਮੰਤਵ ਇਹ ਸੀ ਕਿ ਉਹ ਆਪਣੇ ਪੱਤਰਕਾਰ ਨੂੰ ਝੂਠੀ ਖ਼ਬਰ ਭੇਜਣ ਬਾਰੇ ਪੁੱਛਣਗੇ ਅਤੇ ਅੱਗੇ ਤੋਂ ਅਜਿਹਾ ਨਾ ਕਰਨ ਲਈ ਕਹਿ ਦੇਣਗੇ। ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ‘ਪੰਜਾਬੀ ਟ੍ਰਿਬਿਊਨ’ ਨੇ ਮੇਰਾ ਪੂਰਾ ਜਵਾਬ ਹੀ ਚਿੱਠੀਆਂ ਦੇ ਕਾਲਮ ਵਿੱਚ ਛਾਪ ਦਿਤਾ। ਉਸ ਥਾਂ ਵਿੱਚ ਉਸ ਦਿਨ ਇਕੱਲੀ ਮੇਰੀ ਵੱਡੀ ਚਿੱਠੀ ਛਪੀ ਸੀ। ‘ਪੰਜਾਬੀ ਟ੍ਰਿਬਿਊਨ’ ਨੇ ਇਹ ਨਹੀਂ ਸੋਚਿਆ ਕਿ ਉਨ੍ਹਾਂ ਦਾ ਪੱਤਰਕਾਰ ਨਾਰਾਜ਼ ਹੋ ਜਾਵੇਗਾ ਸਗੋਂ ਉਨ੍ਹਾਂ ਨੇ ਸੱਚਾਈ ਨੂੰ ਸਾਹਮਣੇ ਲਿਆਉਣ ਨੂੰ ਤਰਜੀਹ ਦਿੱਤੀ। ਮੈਂ ਸਕੂਲ ਦੀ ਬਦਨਾਮੀ ਹੋਣ ਦੀ ਝੂਠੀ ਖ਼ਬਰ ਦਾ ਦੁੱਖ ਤੇ ਰੋਸ ਪ੍ਰਗਟ ਕਰਨ ਲਈ ਉਸ ਦਿਨ ਚਿੱਠੀ ਲਿਖਣ ਵੇਲੇ ਸੁਪਨੇ ’ਚ ਵੀ ਨਹੀਂ ਸੀ ਸੋਚਿਆ ਕਿ ‘ਪੰਜਾਬੀ ਟ੍ਰਿਬਿਊਨ’ ਉਸ ਜਵਾਬ ਨੂੰ ਛਾਪਣ ਦੀ ਫਰਾਖ਼ਦਿਲੀ ਵਿਖਾਵੇਗਾ।
ਸੋਹਣ ਲਾਲ ਗੁਪਤਾ