267 ਪਾਵਨ ਸਰੂਪ ਮਾਮਲੇ ’ਚ ਸੇਵਾਮੁਕਤ ਮੁਲਾਜ਼ਮ ਕੋਲੋਂ ਮੁੜ ਪੁੱਛਗਿੱਛ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 26 ਜੁਲਾਈ
267 ਪਾਵਨ ਸਰੂਪ ਲਾਪਤਾ ਹੋਣ ਦੇ ਮਾਮਲੇ ਦੀ ਚੱਲ ਰਹੀ ਜਾਂਚ ਦੌਰਾਨ ਅੱਜ ਜਾਂਚ ਟੀਮ ਨੇ ਮੁੜ ਪਬਲੀਕੇਸ਼ਨ ਵਿਭਾਗ ਦੇ ਸੇਵਾ ਮੁਕਤ ਸਹਾਇਕ ਸੁਪਰਵਾਈਜ਼ਰ ਕੰਵਲਜੀਤ ਸਿੰਘ ਦੀ ਜਵਾਬ-ਤਲਬੀ ਕੀਤੀ ਹੈ। ਪੁੱਛ-ਗਿੱਛ ਦਾ ਇਹ ਸਿਲਸਿਲਾ ਕਈ ਘੰਟੇ ਤੱਕ ਚੱਲਿਆ।
ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਚੱਲ ਰਹੀ ਜਾਂਚ ਦੌਰਾਨ ਕੰਵਲਜੀਤ ਸਿੰਘ ਨੂੰ ਅੱਜ ਮੁੜ ਪੁੱਛਗਿੱਛ ਲਈ ਸੱਦਿਆ ਗਿਆ ਸੀ। ਇਹ ਕੰਮ ਸਵੇਰੇ 10-11 ਵਜੇ ਅਰੰਭ ਹੋਇਆ ਅਤੇ ਬਾਅਦ ਦੁਪਹਿਰ ਤਕ ਜਾਰੀ ਰਿਹਾ। ਇਸ ਤੋਂ ਪਹਿਲਾਂ ਬੀਤੇ ਦਨਿ ਵੀ ਇਸ ਸੇਵਾ ਮੁਕਤ ਕਰਮਚਾਰੀ ਕੋਲੋਂ ਘੰਟਿਆਂਬੱਧੀ ਪੁੱਛਗਿੱਛ ਕੀਤੀ ਗਈ ਸੀ। ਚੇਤੇ ਰਹੇ ਕਿ ਕੰਵਲਜੀਤ ਸਿੰਘ ਦੀ ਸੇਵਾ ਮੁਕਤੀ ਮੌਕੇ ਹੀ ਇਹ ਮਾਮਲਾ ਉਭਰਿਆ ਸੀ, ਜਿਸ ਦੀ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵਲੋਂ ਪੰਜਾਬ ਸਰਕਾਰ ਨੂੰ ਸ਼ਿਕਾਇਤ ਭੇਜੀ ਗਈ ਸੀ।
ਵੇਰਵਿਆਂ ਮੁਤਾਬਕ ਸੰਗਠਨ ਕੋਲ ਇਸ ਮਾਮਲੇ ਨਾਲ ਸਬੰਧਤ ਕਈ ਅਹਿਮ ਦਸਤਾਵੇਜ਼ ਤੇ ਸਬੂਤ ਹਨ, ਜਨਿ੍ਹਾਂ ਨੂੰ ਜਥੇਬੰਦੀ ਜਾਂਚ ਕਮੇਟੀ ਨੂੰ ਸੌਂਪੇਗੀ। ਅਕਾਲ ਤਖ਼ਤ ਵਲੋਂ ਇਸ ਮਾਮਲੇ ਦੀ ਜਾਂਚ ਹਾਈ ਕੋਰਟ ਦੀ ਸਾਬਕਾ ਜੱਜ ਨਵਿਤਾ ਸਿੰਘ ਨੂੰ ਸੌਂਪੀ ਗਈ ਹੈ। ਉਨ੍ਹਾਂ ਦੇ ਨਾਲ ਤਿਲੰਗਾਨਾ ਹਾਈ ਕੋਰਟ ਦੇ ਵਕੀਲ ਈਸ਼ਰ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਜੋ ਇਸ ਵੇਲੇ ਮਾਮਲੇ ਦੀ ਜਾਂਚ ਕਰ ਰਹੇ ਹਨ।