ਆਰਬੀਆਈ ਵੱਲੋਂ ਇਸ ਸਾਲ ਵਿਆਜ ਦਰਾਂ ਘਟਾਉਣ ਦੀ ਸੰਭਾਵਨਾ ਨਹੀਂ: ਸ਼ੈਟੀ
ਨਵੀਂ ਦਿੱਲੀ, 18 ਸਤੰਬਰ
ਭਾਰਤੀ ਸਟੇਟ ਬੈਂਕ (ਐੱਸਬੀਆਈ) ਦੇ ਚੇਅਰਮੈਨ ਸੀਐੱਸ ਸ਼ੈਟੀ ਨੇ ਕਿਹਾ ਹੈ ਕਿ ਖੁਰਾਕੀ ਮਹਿੰਗਾਈ ਦੇ ਮੋਰਚੇ ’ਤੇ ਬੇਯਕੀਨੀ ਕਾਰਨ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਇਸ ਸਾਲ ਸੰਭਾਵੀ ਤੌਰ ’ਤੇ ਪ੍ਰਮੁੱਖ ਵਿਆਜ ਦਰ ਨਹੀਂ ਘਟਾਏਗਾ। ਅਮਰੀਕੀ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਪੇਸ਼ ਹੋਣ ਵਾਲੀ ਮੁਦਰਾ ਨੀਤੀ ਸਮੀਖਿਆ ਵਿੱਚ ਸੰਭਾਵੀ ਤੌਰ ’ਤੇ ਵਿਆਜ ਦਰ ਘਟਾ ਸਕਦਾ ਹੈ, ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਚਾਰ ਸਾਲਾਂ ਤੋਂ ਵੱਧ ਸਮੇਂ ਵਿੱਚ ਪਹਿਲੀ ਵਾਰ ਹੋਵੇਗਾ, ਜਦੋਂ ਉਹ ਵਿਆਜ ਦਰ ਵਿੱਚ ਕਟੌਤੀ ਕਰੇਗਾ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜੇ ਅਜਿਹਾ ਹੁੰਦਾ ਹੈ ਤਾਂ ਹੋਰ ਦੇਸ਼ਾਂ ਦੇ ਕੇਂਦਰੀ ਬੈਂਕ ਵੀ ਅਜਿਹਾ ਕਰਨ ਲਈ ਪ੍ਰੇਰਿਤ ਹੋਣਗੇ। ਹਾਲ ਹੀ ਵਿੱਚ ਐੱਸਬੀਆਈ ਦੀ ਕਮਾਨ ਸੰਭਾਲਣ ਵਾਲੇ ਸ਼ੈਟੀ ਨੇ ਕਿਹਾ, ‘ਕਈ ਕੇਂਦਰੀ ਬੈਂਕ ਵਿਆਜ ਦਰ ਦੇ ਮੋਰਚੇ ’ਤੇ ਆਜ਼ਾਦਾਨਾ ਤੌਰ ’ਤੇ ਫੈਸਲਾ ਲੈ ਰਹੇ ਹਨ। ਹਾਲਾਂਕਿ, ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਘਟਾਏ ਜਾਣ ਦਾ ਅਸਰ ਸਾਰਿਆਂ ’ਤੇ ਪਵੇਗਾ ਪਰ ਆਰਬੀਆਈ ਵਿਆਜ ਦਰ ਘਟਾਉਣ ਦਾ ਫੈਸਲਾ ਲੈਣ ਤੋਂ ਪਹਿਲਾਂ ਖੁਰਾਕੀ ਮਹਿੰਗਾਈ ਨੂੰ ਧਿਆਨ ਵਿੱਚ ਰੱਖੇਗਾ।’ -ਪੀਟੀਆਈ