RBI ਨੇ ਲਗਾਤਾਰ 10ਵੀਂ ਵਾਰ ਨੀਤੀਗਤ ਦਰਾਂ ਨੂੰ ਬਰਕਰਾਰ ਰੱਖਿਆ
ਮੁੰਬਈ, 9 ਅਕਤੂਬਰ
ਭਾਰਤੀ ਰਿਜ਼ਰਵ ਬੈਂਕ (Reserve Bank of India) ਨੇ ਬੁੱਧਵਾਰ ਨੂੰ ਲਗਾਤਾਰ ਦਸਵੀਂ ਵਾਰ ਨੀਤੀਗਤ ਦਰਾਂ ਨੂੰ ਬਰਕਰਾਰ ਰੱਖਣ ਦਾ ਫ਼ੈਸਲਾ ਕੀਤਾ ਹੈ, ਪਰ ਆਪਣਾ ਰੁਖ਼ ਬਦਲ ਕੇ ‘ਨਿਰਪੱਖ’ ਕਰ ਦਿੱਤਾ ਜਿਸ ਨਾਲ ਆਉਣ ਵਾਲੀਆਂ ਨੀਤੀਆਂ ਵਿੱਚ ਕਟੌਤੀ ਹੋ ਸਕਦੀ ਹੈ। ਯੂਐਸ ਫੈਡਰਲ ਰਿਜ਼ਰਵ ਵੱਲੋਂ ਪਿਛਲੇ ਮਹੀਨੇ ਬੈਂਚਮਾਰਕ ਦਰਾਂ ਨੂੰ 50 ਬੇਸਿਸ ਪੁਆਇੰਟ ਘਟਾਉਣ ਦੇ ਬਾਵਜੂਦ ਆਰਬੀਆਈ ਨੇ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖੀ।
ਕੁਝ ਵਿਕਸਤ ਦੇਸ਼ਾਂ ਦੇ ਕੇਂਦਰੀ ਬੈਂਕਾਂ ਨੇ ਵੀ ਆਪਣੀਆਂ ਵਿਆਜ ਦਰਾਂ ਘਟਾ ਦਿੱਤੀਆਂ ਹਨ। ਚਾਲੂ ਵਿੱਤੀ ਸਾਲ ਲਈ ਚੌਥੀ ਦੋ-ਮਾਸਿਕ ਮੁਦਰਾ ਨੀਤੀ ਦੀ ਘੋਸ਼ਣਾ ਕਰਦੇ ਹੋਏ ਆਰਬੀਆਈ(RBI) ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਮੁਦਰਾ ਨੀਤੀ ਕਮੇਟੀ (MPC) ਨੇ ਰੇਪੋ ਦਰ ਨੂੰ 6.5 ਫੀਸਦੀ ’ਤੇ ਬਰਕਰਾਰ ਰੱਖਣ ਦਾ ਫੈ਼ਸਲਾ ਕੀਤਾ ਹੈ। ਆਰਬੀਆਈ(RBI) ਨੇ ਫਰਵਰੀ 2023 ਤੋਂ ਬੈਂਚਮਾਰਕ ਵਿਆਜ ਦਰ ’ਤੇ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖੀ ਹੈ।
ਦਾਸ ਨੇ ਕਿਹਾ ਕਿ ਭਾਰਤੀ ਜੀਡੀਪੀ ਵਿਕਾਸ ਦਰ ਮਜ਼ਬੂਤ ਰਹਿਣ ’ਤੇ ਵੀ ਆਰਬੀਆਈ ਉੱਚੀ ਖੁਰਾਕ ਮਹਿੰਗਾਈ ’ਤੇ ਨਜ਼ਰ ਰੱਖੇਗਾ। ਸਰਕਾਰ ਵੱਲੋਂ ਪੁਨਰਗਠਿਤ ਐੱਮਪੀਸੀ (MPC) ਦੀ ਇਹ ਪਹਿਲੀ ਮੀਟਿੰਗ ਸੀ। ਤਿੰਨ ਨਵੇਂ ਨਿਯੁਕਤ ਕੀਤੇ ਗਏ ਬਾਹਰੀ ਮੈਂਬਰ ਰਾਮ ਸਿੰਘ, ਸੌਗਾਤਾ ਭੱਟਾਚਾਰੀਆ ਅਤੇ ਨਾਗੇਸ਼ ਕੁਮਾਰ ਹਨ। -ਪੀਟੀਆਈ
ਆਰਬੀਆਈ(RBI) ਗਵਰਨਰ ਸ਼ਕਤੀਕਾਂਤ ਦਾਸ ਮੀਟਿੰਗ ਬਾਰੇ ਵੀਡੀਓ ਰਾਹੀਂ ਜਾਣਕਾਰੀ ਦਿੰਦੇ ਹੋਏ...