ਰਈਆ: ਮੇਲਾ ਰੱਖੜ-ਪੁੰਨਿਆ ਬਾਬਾ ਬਕਾਲਾ ਦੇ ਸਬੰਧ ’ਚ ਪੁਲੀਸ ਨੇ ਤੈਅ ਕੀਤੇ ਬਦਲਵੇਂ ਰੂਟ
ਦਵਿੰਦਰ ਸਿੰਘ ਭੰਗੂ
ਰਈਆ, 25 ਅਗਸਤ
ਮੇਲਾ ਰੱਖੜ-ਪੁੰਨਿਆ ਬਾਬਾ ਬਕਾਲਾ ਸਬੰਧੀ ਪੁਲੀਸ ਨੇ ਸਿਆਸੀ ਪਾਰਟੀਆਂ ਵਲੋਂ ਕੀਤੀਆਂ ਜਾ ਰਹੀਆਂ ਕਾਨਫ਼ਰੰਸਾਂ ਅਤੇ ਸੰਗਤ ਦੀ ਆਮਦ ਨੂੰ ਮੁੱਖ ਰੱਖਦਿਆਂ ਅੰਮ੍ਰਿਤਸਰ ਤੋਂ ਮਹਿਤਾ ਅਤੇ ਜਲੰਧਰ ਤੋਂ ਬਟਾਲਾ ਜਾਣ ਵਾਲੀ ਟਰੈਫ਼ਿਕ ਦੇ ਬਦਲਵੇਂ ਰੂਟ ਬਣਾ ਕੇ ਪੁਖ਼ਤਾ ਪ੍ਰਬੰਧ ਕੀਤੇ ਹਨ। ਡੀਐੱਸਪੀ ਬਾਬਾ ਬਕਾਲਾ ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ 31 ਅਗਸਤ ਨੂੰ ਮੇਲਾ ਰੱਖੜ-ਪੁੰਨਿਆ ਬਾਬਾ ਬਕਾਲਾ ਦੇ ਸਬੰਧ ਵਿਚ ਆਮ ਆਦਮੀ ਪਾਰਟੀ ਵਲੋਂ ਆਈਟੀਆਈ ਦੀ ਗਰਾਊਂਡ ਵਿਚ ਕਾਨਫ਼ਰੰਸ ਕੀਤੀ ਜਾ ਰਹੀ ਹੈ, ਜਿੱਥੇ ਪੁੱਜ ਰਹੇ ਉਨ੍ਹਾਂ ਦੇ ਵਰਕਰਾਂ ਲਈ ਸੜਕ ਦੇ ਨਾਲ ਹੀ ਪਾਰਕਿੰਗ ਬਣਾਈ ਗਈ ਹੈ ਇਸੇ ਤਰ੍ਹਾਂ ਕਾਂਗਰਸ ਪਾਰਟੀ ਵਲੋਂ ਪੈਟਰੋਲ ਪੰਪ ਦੇ ਸਾਹਮਣੇ ਅਕਾਲੀ ਫਾਰਮ ’ਤੇ ਕਾਨਫ਼ਰੰਸ ਕੀਤੀ ਜਾ ਰਹੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਸਟੇਡੀਅਮ ਵਿਚ ਕਾਨਫ਼ਰੰਸ ਕੀਤੀ ਜਾ ਰਹੀ ਹੈ, ਜਿਸ ਕਰਕੇ ਤਿੰਨ ਵੱਖੋ ਵੱਖ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਸੰਗਤ ਦੀ ਭਾਰੀ ਆਮਦ ਅਤੇ ਵੱਖੋ ਵੱਖ ਪਾਰਟੀਆਂ ਵਲੋਂ ਕੀਤੀਆਂ ਜਾ ਰਹੀਆਂ ਕਾਨਫ਼ਰੰਸਾਂ ਵਿਚ ਪੁੱਜ ਰਹੇ ਵਰਕਰਾਂ ਕਾਰਨ ਟਰੈਫ਼ਿਕ ਰੂਟ ਵੀ ਬਦਲ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਲੰਧਰ ਤੋਂ ਬਟਾਲਾ ਜਾਣ ਵਾਲਾ ਸਾਰਾ ਟਰੈਫ਼ਿਕ ਬਿਆਸ, ਬੁੱਢਾ-ਥੇਹ, ਡੇਰਾ ਬਾਬਾ ਜੈਮਲ ਸਿੰਘ, ਬਲ ਸਰਾਏ, ਸਠਿਆਲਾ, ਬੁੱਟਰ ਮਹਿਤਾ ਵਾਇਆ ਬਟਾਲਾ ਜਾਵੇਗਾ ਅਤੇ ਬਟਾਲਾ ਤੋਂ ਜਲੰਧਰ ਆਉਣ ਵਾਲਾ ਟਰੈਫ਼ਿਕ ਸਠਿਆਲਾ ਕਾਲਜ ਤੋਂ ਬਲ ਸਰਾਏ, ਬਿਆਸ, ਜਲੰਧਰ ਜਾਵੇਗਾ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਮਹਿਤਾ ਜਾਣਾ ਵਾਲਾ ਟਰੈਫ਼ਿਕ ਰਈਆ ਨਹਿਰ ਤੋਂ ਕਲੇਰ, ਘੁਮਾਣ, ਦਨਿਆਲ, ਵਡਾਲਾ ਕਲਾ ਹੁੰਦਾ ਹੋਇਆ ਮਹਿਤਾ ਚੌਕ ਜਾਵੇਗਾ ਅਤੇ ਮਹਿਤਾ ਤੋਂ ਆਉਣ ਵਾਲਾ ਟਰੈਫ਼ਿਕ ਨਾਥ ਦੀ ਖੂਹੀ, ਜਲਾਲਉਸਮਾ ਹੁੰਦਾ ਹੋਇਆ ਰਈਆ ਨਹਿਰ ਵਾਲੇ ਅੱਡੇ ਵਿਚ ਦੀ ਹੁੰਦਾ ਹੋਇਆ ਅੰਮ੍ਰਿਤਸਰ ਜਾਵੇਗਾ। ਇਸ ਮੌਕੇ ਥਾਣਾ ਮੁਖੀ ਬਿਆਸ ਸਤਨਾਮ ਸਿੰਘ ਵੀ ਹਾਜ਼ਰ ਸਨ।