ਮੁੱਖ ਮੰਤਰੀ ਦੀ ਕੋਠੀ ਅੱਗੇ ‘ਕਾਲੀ ਦੀਵਾਲੀ’ ਮਨਾਉਣਗੇ ਕੱਚੇ ਕਾਮੇ
ਗੁਰਦੀਪ ਸਿੰਘ ਲਾਲੀ
ਸੰਗਰੂਰ, 11 ਨਵੰਬਰ
ਮੁੱਖ ਮੰਤਰੀ ਦੀ ਕੋਠੀ ਅੱਗੇ ਪਾਵਰਕੌਮ ਦੀ ਜਥੇਬੰਦੀ ਕੰਟੈਕਟ ਵਰਕਰ ਯੂਨੀਅਨ ਦੇ ਕੱਚੇ ਕਾਮਿਆਂ ਵੱਲੋਂ ‘ਕਾਲੀ ਦੀਵਾਲੀ’ ਮਨਾਉਣ ਲਈ ਸੂਬਾ ਪੱਧਰੀ ਰੋਸ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀ ਕੱਚੇ ਮੁਲਾਜ਼ਮ ਆਪਣੀਆਂ ਸੇਵਾਵਾਂ ਰੈਗੂਲਰ ਨਾ ਕਰਨ ਤੋਂ ਖਫ਼ਾ ਸਨ।
ਵੱਖ-ਵੱਖ ਜ਼ਿਲ੍ਹਿਆਂ ਤੋਂ ਪੁੱਜੇ ਕੱਚੇ ਕਾਮੇ ਜਿਉਂ ਹੀ ਮਾਰਚ ਕਰਦਿਆਂ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਮੁੱਖ ਗੇਟ ਨੇੜੇ ਪੁੱਜੇ ਤਾਂ ਪੁਲੀਸ ਨੇ ਰੋਕ ਲਿਆ। ਕੱਚੇ ਕਾਮਿਆਂ ਵੱਲੋਂ ਸੜਕ ਉਪਰ ਹੀ ਆਵਾਜਾਈ ਠੱਪ ਕਰਕੇ ਧਰਨਾ ਦਿੱਤਾ ਗਿਆ। ਜਥੇਬੰਦੀ ਦੇ ਪ੍ਰਧਾਨ ਮਾਲਵਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 36 ਹਜ਼ਾਰ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਵਾਸਤੇ ਇੱਕ ਪਾਲਿਸੀ ਬਣਾਈ ਗਈ ਸੀ ਜਿਸ ਤਹਿਤ ਤਿੰਨ ਮਹੀਨਿਆਂ ਵਿੱਚ ਕੱਚੇ ਕਾਮੇ ਰੈਗੂਲਰ ਕਰਨੇ ਸਨ ਪਰ ਅਜੇ ਤੱਕ ਕਿਸੇ ਵੀ ਕੱਚੇ ਕਾਮੇ ਨੂੰ ਰੈਗੂਲਰ ਨਹੀਂ ਕੀਤਾ ਗਿਆ। ਪਾਵਰਕੌਮ ਵਿਚ ਕੱਚੇ ਕਾਮੇ ਪਿਛਲੇ 15/20 ਸਾਲਾਂ ਤੋਂ ਕੰਟਰੈਕਟ ਆਧਾਰ ’ਤੇ ਕੰਮ ਕਰਦੇ ਹਨ। ਪਾਲਿਸੀ ਬਣਾਈ ਨੂੰ 5 ਮਹੀਨੇ ਬੀਤ ਚੁੱਕੇ ਹਨ, ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਜਨਰਲ ਸਕੱਤਰ ਮਨਕੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਵਾਸਤੇ ਬਹੁਤ ਹੀ ਬੇਲੋੜੇ ਅਤੇ ਗਲਤ ਇਤਰਾਜ਼ ਲਾ ਕੇ ਕਾਮਿਆਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ। ਸੂਬਾ ਪ੍ਰਧਾਨ ਨੇ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ 15 ਦਿਨਾਂ ਦੇ ਅੰਦਰ ਅੰਦਰ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਦੀ ਕਾਰਵਾਈ ਨਹੀਂ ਕਰਦੀ ਤਾਂ 8 ਦਸੰਬਰ ਤੋਂ ਕੱਚੇ ਕਾਮਿਆਂ ਵਲੋਂ ਬਜਿਲੀ ਮੰਤਰੀ ਦੀ ਕੋਠੀ ਅੱਗੇ ਪੱਕਾ ਮੋਰਚਾ ਲਗਾਇਆ ਜਾਵੇਗਾ। ਇਸ ਮੌਕੇ ਐਮ.ਐਸ.ਯੂ. ਟੈਕਨੀਕਲ ਸਰਵਿਸ ਯੂਨੀਅਨ ਦੇ ਜਨਰਲ ਸਕੱਤਰ ਕੁਲਵਿੰਦਰ ਸਿੰਘ ਢਿੱਲੋਂ, ਸਾਥੀ ਜਸਪਾਲ ਸ਼ਰਮਾ, ਯੂਨੀਅਨ ਆਗੂ ਪ੍ਰਦੀਪ ਸਿੰਘ ਸਿੱਧੂ, ਬਲਜਿੰਦਰ ਸਿੰਘ, ਲਖਬੀਰ ਸਿੰਘ ,ਅਬਦੁਲ ਰਹਿਮ ,ਸੁਰਜੀਤ ਸਿੰਘ ਸੁਖਵਿੰਦਰ ਸਿੰਘ, ਬਰਿੰਦਰ ਸਿੰਘ ,ਅਮਨਦੀਪ ਸਿੰਘ, ਸਾਥੀ ਰਘਵਿੰਦਰ ਸਿੰਘ , ਸਾਥੀ ਹਰਭਜਨ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯੂਨੀਅਨ ਦੀ ਬਜਿਲੀ ਮੰਤਰੀ ਪੰਜਾਬ ਨਾਲ 15 ਨਵੰਬਰ ਨੂੰ ਮੀਟਿੰਗ ਨਿਸ਼ਚਿਤ ਕਰਵਾਈ ਜਿਸ ਮਗਰੋਂ ਧਰਨਾ ਸਮਾਪਤ ਕੀਤਾ ਗਿਆ।