ਕੱਚੇ ਅਧਿਆਪਕਾਂ ਨੇ ਸੰਘਰਸ਼ ਤੇਜ਼ ਕਰਨ ਲਈ ਵਿਉਂਤ ਵਿੱਢੀ
ਗੁਰਦੀਪ ਸਿੰਘ ਲਾਲੀ
ਸੰਗਰੂਰ, 20 ਜੁਲਾਈ
ਨੇੜਲੇ ਪਿੰਡ ਖੁਰਾਣਾ ਵਿੱਚ 8736 ਕੱਚੇ ਅਧਿਆਪਕ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਮਾਨਸਾ ਦਾ ਇੰਦਰਜੀਤ ਸਿੰਘ ਪਿਛਲੇ 38 ਦਨਿਾਂ ਤੋਂ ਟੈਂਕੀ ਉਪਰ ਡਟਿਆ ਹੋਇਆ ਹੈ, ਜਦੋਂਕਿ ਟੈਂਕੀ ਹੇਠਾਂ ਅਧਿਆਪਕਾਂ ਦਾ ਪੱਕਾ ਮੋਰਚਾ ਲਗਾਤਾਰ ਜਾਰੀ ਹੈ। ਅੱਜ ਸੰਗਰੂਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਦੇ ਅਧਿਆਪਕਾਂ ਨੇ ਪੱਕੇ ਮੋਰਚੇ ਵਿਚ ਸ਼ਮੂਲੀਅਤ ਕੀਤੀ। ਭਾਵੇਂ ਕਿ ਹੜ੍ਹਾਂ ਕਾਰਨ ਕੱਚੇ ਅਧਿਆਪਕਾਂ ਵਲੋਂ ਕੋਈ ਵੀ ਐਕਸ਼ਨ ਨਾ ਕਰਨ ਦਾ ਫ਼ੈਸਲਾ ਕੀਤਾ ਹੋਇਆ ਸੀ ਪਰ ਹੁਣ ਤਿੱਖੇ ਸੰਘਰਸ਼ ਦੀ ਰੂਪ ਰੇਖਾ ਲਈ 23 ਜੁਲਾਈ ਨੂੰ ਸਮੂਹ ਭਰਾਤਰੀ ਜਥੇਬੰਦੀਆਂ ਦੀ ਮੀਟਿੰਗ ਬੁਲਾਈ ਗਈ ਹੈ। ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰੇਸ਼ਮ ਸਿੰਘ ਨੇ ਪੰਜਾਬ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਵੱਡੀਆਂ ਉਮੀਦਾਂ ਸਨ ਪਰ ਇਹ ਸਰਕਾਰ ਵੀ ਅਧਿਆਪਕਾਂ ਦਾ ਕੁੱਟ-ਕੁਟਾਪਾ ਕਰ ਕੇ ਪਿਛਲੀਆਂ ਸਰਕਾਰਾਂ ਵਾਲੇ ਰਾਹ ਪੈ ਗਈ ਹੈ। ਸੂਬਾ ਸਕੱਤਰ ਗੁਰਮੀਤ ਸਿੰਘ ਪੱਡਾ ਅਤੇ ਸੂਬਾ ਮੀਤ ਪ੍ਰਧਾਨ ਗੁਰਿੰਦਰ ਸਿੰਘ ਸੋਹੀ ਨੇ ਕਿਹਾ ਕਿ ਅਧਿਆਪਕ ਇੰਦਰਜੀਤ ਸਿੰਘ ਪਿਛਲੇ 38 ਦਨਿਾਂ ਤੋਂ ਟੈਂਕੀ ਉਪਰ ਬੈਠਾ ਹੈ, ਜਿਸ ਦੇ ਹੌਸਲੇ ਬੁਲੰਦ ਹਨ ਪਰ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ ਹੈ।
ਸਰਕਾਰ ਦੀ ਚੁੱਪ ਦੇ ਖ਼ਿਲਾਫ਼ 23 ਜੁਲਾਈ ਨੂੰ ਸਮੂਹ ਭਰਾਤਰੀ ਜਥੇਬੰਦੀਆਂ ਦੀ ਮੀਟਿੰਗ ਬੁਲਾਈ ਗਈ ਹੈ, ਜਿਸ ਵਿਚ ਤਿੱਖੇ ਐਕਸ਼ਨ ਦੀ ਰੂਪ ਰੇਖਾ ਉਲੀਕੀ ਜਾਵੇਗੀ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਆਪਣੇ ਵਾਅਦੇ ਅਨੁਸਾਰ 8736 ਅਧਿਆਪਕਾਂ ਨੂੰ 10 ਸਾਲਾ ਪਾਲਸੀ ਤਹਿਤ ਰੈਗੂਲਰ ਆਰਡਰ ਜਾਰੀ ਕਰੇ, ਜਿਸ ਵਿਚ ਪੱਕੇ ਅਧਿਆਪਕਾਂ ਨੂੰ ਮਿਲਦੀਆਂ ਸਰੀਆਂ ਸਹੂਲਤਾਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੇ ਦਨਿਾਂ ਵਿਚ ਕੀਤੇ ਜਾਣ ਵਾਲੇ ਐਕਸ਼ਨਾਂ ਵਿਚ ਜੇਕਰ ਕੋਈ ਜਾਨੀ ਮਾਲੀ ਨੁਕਸਾਨ ਅਧਿਆਪਕਾਂ ਦਾ ਹੋਇਆ ਤਾਂ ਮੁੱਖ ਮੰਤਰੀ ਪੰਜਾਬ ਖੁਦ ਜ਼ਿੰਮੇਵਾਰ ਹੋਣਗੇ।
ਪੱਕੇ ਮੋਰਚੇ ’ਚ ਫਰੀਡਮ ਫਾਈਟਰ ਉਤਰਾਅਧਿਕਾਰੀ ਜਥੇਬੰਦੀ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਨਿਰਭੈ ਸਿੰਘ ਅਤੇ ਜ਼ਿਲ੍ਹਾ ਸੰਗਰੂਰ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਿਵਾਣਾ ਵੀ ਸ਼ਾਮਲ ਹੋਏ। ਇਸ ਮੌਕੇ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਬਲਜਿੰਦਰ ਸਿੰਘ ਬਠਿੰਡਾ, ਵਿਕਾਸ ਵਡੇਰਾ, ਅਜੀਤ ਪਾਲ ਦਾਸ, ਮਲਕੀਤ ਸਿੰਘ, ਮਨਪ੍ਰੀਤ ਕੌਰ ਸੁਨਾਮ, ਅਵਤਾਰ ਸਿੰਘ, ਮੋਹਨ ਸਿੰਘ, ਜਗਸੀਰ ਸਿੰਘ ਈਲਵਾਲ, ਭਗਵੰਤ ਕੌਰ ਮਾਨਸਾ ਆਦਿ ਸ਼ਾਮਲ ਸਨ।