For the best experience, open
https://m.punjabitribuneonline.com
on your mobile browser.
Advertisement

ਕੱਚੇ ਅਧਿਆਪਕ ਸਰਕਾਰ ਖ਼ਿਲਾਫ਼ ਪੱਕਾ ਮੋਰਚੇ ਦੇ ਰੌਂਅ ’ਚ

09:06 PM Nov 23, 2023 IST
ਕੱਚੇ ਅਧਿਆਪਕ ਸਰਕਾਰ ਖ਼ਿਲਾਫ਼ ਪੱਕਾ ਮੋਰਚੇ ਦੇ ਰੌਂਅ ’ਚ
Advertisement

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 23 ਨਵੰਬਰ
ਅਧਿਆਪਕ ਯੋਗਤਾ ਦੀ ਸ਼ਰਤ ਪੂਰੀ ਕਰਨ ਵਾਲੇ 157 ਏਆਈਈ (ਕੱਚੇ ਅਧਿਆਪਕਾਂ) ਨੇ ਸਰਕਾਰੀ ਅਣਦੇਖੀ ਖ਼ਿਲਾਫ਼ 15 ਦਸੰਬਰ ਤੋਂ ਪੱਕਾ ਮੋਰਚਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਅੱਜ ਇੱਥੇ ਮੁਹਾਲੀ ਪ੍ਰੈੱਸ ਕਲੱਬ ਵਿੱਚ ਜਥੇਬੰਦੀ ਦੇ ਆਗੂ ਹਰਮਨ ਸਿੰਘ ਸੰਗਰੂਰ ਅਤੇ ਸੂਬਾ ਕਨਵੀਨਰ ਤੇਜਿੰਦਰ ਕੌਰ ਪਟਿਆਲਾ ਨੇ ਦੱਸਿਆ ਕਿ ਉਨ੍ਹਾਂ ਦੀ ਨਿਯੁਕਤੀ 2009-10 ਵਿੱਚ ਹੋਈ ਸੀ ਅਤੇ ਜਿਨ੍ਹਾਂ ਅਧਿਆਪਕਾਂ ਨੂੰ ਅਗਸਤ ਮਹੀਨੇ ਪੱਕਾ ਕੀਤਾ ਗਿਆ ਹੈ, ਉਨ੍ਹਾਂ ਨਾਲ ਏਆਈਈ ਅਧਿਆਪਕਾਂ ਦੇ ਵੀ ਮਤੇ ਪਾਏ ਸਨ ਪਰ ਇਸ ਦੇ ਬਾਵਜੂਦ 157 ਅਧਿਆਪਕ ਹਾਲੇ ਵੀ ਪੱਕੇ ਹੋਣ ਲਈ ਸਰਕਾਰੀ ਪੱਤਰ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨਸਾਫ਼ ਨਾ ਮਿਲਣ ਕਾਰਨ ਹੁਣ ਉਨ੍ਹਾਂ ਨੇ ਸਰਕਾਰ ਖ਼ਿਲਾਫ਼ ਆਰ-ਪਾਰ ਦੀ ਲੜਾਈ ਲੜਨ ਦਾ ਫ਼ੈਸਲਾ ਲਿਆ ਹੈ। ਏਆਈਈ ਅਧਿਆਪਕਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਉਨ੍ਹਾਂ ਨੂੰ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਸੀ ਜਿਸ ਕਾਰਨ ਉਨ੍ਹਾਂ ਨੇ ਚੰਗੇਰੇ ਭਵਿੱਖ ਲਈ ਚੋਣਾਂ ’ਚ ‘ਆਪ’ ਦਾ ਸਮਰਥਨ ਕੀਤਾ ਸੀ ਪਰ ਸੂਬਾ ਸਰਕਾਰ ਨੇ ਉਨ੍ਹਾਂ ਨੂੰ ਪੱਕੇ ਕਰਨ ਦੀ ਨੀਤੀ ਵਿੱਚ ਸ਼ਾਮਲ ਨਾ ਕਰਕੇ ਬੇਇਨਸਾਫ਼ੀ ਕੀਤੀ ਹੈ। ਕੱਚੇ ਅਧਿਆਪਕਾਂ ਨੇ ਕਿਹਾ, ‘‘ਸੂਬਾ ਸਰਕਾਰ ਇਹ ਢੰਡੋਰਾ ਪਿੱਟ ਰਹੀ ਹੈ ਕਿ 6000 ਰੁਪਏ ਤਨਖ਼ਾਹ ਲੈਣ ਵਾਲੇ ਸਾਰੇ ਕੱਚੇ ਅਧਿਆਪਕ ਪੱਕੇ ਕਰ ਦਿੱਤੇ ਹਨ ਪਰ ਉਹ ਅੱਜ ਵੀ ਕੱਚੇ ਹੀ ਹਨ। ਮੁੱਖ ਮੰਤਰੀ ਦੀ ਕਹਿਣੀ ਤੇ ਕਰਨੀ ’ਚ ਬਹੁਤ ਫਰਕ ਹੈ।’’ ਅਧਿਆਪਕਾਂ ਨੇ ਕਿਹਾ ਕਿ ਸਰਕਾਰ ਵਿਤਕਰਾ ਬੰਦ ਕਰਕੇ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਦਿਆਂ ਬਾਕੀ ਅਧਿਆਪਕਾਂ ਵਾਂਗ ਸਹੂਲਤਾਂ ਪ੍ਰਦਾਨ ਕਰੇ ਨਹੀਂ ਤਾਂ ਉਹ 15 ਦਸੰਬਰ ਤੋਂ ਸਰਕਾਰ ਖ਼ਿਲਾਫ਼ ਪੱਕਾ ਮੋਰਚਾ ਲਗਾਉਣ ਲਈ ਮਜਬੂਰ ਹੋਣਗੇ। ਇਸ ਮੌਕੇ ਮੰਜੂ ਸ਼ਰਮਾ, ਸੀਮਾ ਰਾਣੀ ਬਠਿੰਡਾ, ਰੇਨੂ ਗੁਰਦਾਸਪੁਰ, ਸੁਖਬੀਰ ਮਾਨਸਾ, ਤੇਜਿੰਦਰ ਸਿੰਘ ਕਪੂਰਥਲਾ, ਸਾਹਿਬ ਸਿੰਘ ਫਾਜ਼ਿਲਕਾ, ਜਸਬੀਰ ਫਿਰੋਜ਼ਪੁਰ, ਮਹਿੰਦਰਪਾਲ ਫਾਜ਼ਿਲਕਾ, ਕਰਮਜੀਤ ਮੁਕਤਸਰ ਤੇ ਕੁਲਵਿੰਦਰ ਕੌਰ ਰੂਪਨਗਰ ਮੌਜੂਦ ਸਨ।

Advertisement

Advertisement
Advertisement
Author Image

A.S. Walia

View all posts

Advertisement