ਕੱਚੇ ਮੁਲਾਜ਼ਮ ਪਾਵਰਕੌਮ ਦਫ਼ਤਰ ਅੱਗੇ ਧਰਨੇ ’ਤੇ ਡਟੇ
ਖੇਤਰੀ ਪ੍ਰਤੀਨਿਧ
ਪਟਿਆਲਾ, 23 ਅਕਤੂਬਰ
‘ਪਾਵਰਕੌਮ ਅਤੇ ਟਰਾਂਸਕੋ ਆਊਟਸੋਰਸਿਜ਼ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ’ ਦੇ ਸੱਦੇ ’ਤੇ ਪਾਵਰਕੌਮ ਅਤੇ ਟਰਾਂਸਕੋ ਦੇ ਠੇਕਾ ਅਧਾਰਿਤ ਮੁਲਾਜ਼ਮਾਂ ਨੇ ਸੇਵਾਵਾਂ ਰੈਗੂਲਰ ਕਰਨ ਸਣੇ ਹੋਰ ਮੰਗਾਂ ਦੀ ਪੂਰਤੀ ਲਈ ਅੱਜ ਦੂਜੇ ਦਿਨ ਵੀ ਇਥੇ ਅਦਾਰੇ ਦੇ ਮੁੱਖ ਦਫਤਰਾਂ ਅੱਗੇ ਮੁਜ਼ਾਹਰਾ ਕੀਤਾ। ਇਸ ਦੌਰਾਨ ਉਨ੍ਹਾਂ ਸਰਕਾਰ ਅਤੇ ਅਦਾਰੇ ਦੇ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਬੀਤੀ ਰਾਤ ਆਪਣੇ ਪਰਿਵਾਰਕ ਮੈਂਬਰਾਂ ਨਾਲ ਇਥੇ ਹੀ ਖੁੱਲ੍ਹੇ ਅਸਮਾਨ ਹੇਠ ਗੁਜ਼ਾਰੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਮੈਨੇਜਮੈਂਟ ਦੀਆਂ ਮਾਰੂ ਨੀਤੀਆਂ ਕਾਰਨ ਹੀ ਆਪਣੇ ਬੱਚਿਆਂ ਸਮੇਤ ਸੜਕਾਂ ’ਤੇ ਰੁਲਣ ਲਈ ਮਜਬੂਰ ਹਨ। ਉਨ੍ਹਾਂ ਧਰਨਾ ਲਾ ਕੇ ਮਾਲ ਰੋਡ ਵੀ ਜਾਮ ਕੀਤਾ, ਜਿਸ ਕਾਰਨ ਸ਼ਹਿਰ ਵਿਚਲੇ ਸ਼ੇਰਾਂ ਵਾਲੇ ਗੇਟ ਸਮੇਤ ਹੋਰ ਬਾਜ਼ਾਰਾਂ ’ਚ ਆਵਾਜਾਈ ਦੀ ਵੱਡੀ ਸਮੱਸਿਆ ਬਣੀ ਰਹੀ।
ਧਰਨੇ ਨੂੰ ਜਗਰੂਪ ਸਿੰਘ ਲਹਿਰਾ, ਜਗਸੀਰ ਸਿੰਘ ਭੰਗੂ, ਗੁਰਵਿੰਦਰ ਸਿੰਘ ਪੰਨੂ, ਸਿਮਰਨਜੀਤ ਸਿੰਘ ਨੀਲੋਂ, ਖੁਸ਼ਦੀਪ ਸਿੰਘ ਭੁੱਲਰ ਤੇ ਬਲਵਿੰਦਰ ਸਿੰਘ ਸੈਣੀ ਸਮੇਤ ਹੋਰਨਾਂ ਨੇ ਸੰਬੋਧਨ ਕੀਤਾ। ਉਨ੍ਹਾਂ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਕੀਤੀ। ਇਸ ਮੌਕੇ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜਸਦੇਵ ਸਿੰਘ ਨੂਗੀ, ਰਾਣਾ ਨਿਰਮਾਣਾ ਤੇ ਹਰਦੀਪ ਡਰੌਲੀ ਸਣੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਟੀਐੱਸਯੂ ਪੰਜਾਬ ਭੰਗਲ ਦੇ ਆਗੂ ਵਿਜੈ ਦੇਵ ਤੇ ਇਸਤਰੀ ਜਾਗਰਤੀ ਮੰਚ ਦੀ ਸੂਬਾਈ ਆਗੂ ਅਮਨ ਦਿਓਲ ਨੇ ਵਰਕਰਾਂ ਦੇ ਸੰਘਰਸ਼ ਦੀ ਹਮਾਇਤ ਕੀਤੀ।