For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਦੇ ਵਿਰੋਧ ਕਾਰਨ ਕਿਲਾ ਰਾਏਪੁਰ ਤੋਂ ਪਰਤੇ ਰਵਨੀਤ ਬਿੱਟੂ

08:07 AM May 10, 2024 IST
ਕਿਸਾਨਾਂ ਦੇ ਵਿਰੋਧ ਕਾਰਨ ਕਿਲਾ ਰਾਏਪੁਰ ਤੋਂ ਪਰਤੇ ਰਵਨੀਤ ਬਿੱਟੂ
ਕਿਲਾ ਰਾਏਪੁਰ ਵਿੱਚ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਦਾ ਵਿਰੋਧ ਕਰਦੇ ਹੋਏ ਕਿਸਾਨ।
Advertisement

ਸੰਤੋਖ ਗਿੱਲ
ਗੁਰੂਸਰ ਸੁਧਾਰ, 9 ਮਈ
ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਕਿਸਾਨਾਂ ਦੇ ਰੋਹ ਕਾਰਨ ਕਿਲਾ ਰਾਏਪੁਰ ਤੋਂ ਚੋਣ ਪ੍ਰਚਾਰ ਕੀਤੇ ਬਿਨਾਂ ਹੀ ਵਾਪਸ ਮੁੜਨਾ ਪਿਆ। ਜਮਹੂਰੀ ਕਿਸਾਨ ਸਭਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੂੰ ਸਵਾਲ ਕਰਨ ਲਈ ਜਦੋਂ ਸੜਕ ਉੱਪਰ ਜੁਟੇ ਤਾਂ ਭਾਜਪਾ ਉਮੀਦਵਾਰ ਨੇ ਕਿਸਾਨਾਂ ਦਾ ਸਾਹਮਣਾ ਕਰਨ ਦੀ ਥਾਂ ਵਾਪਸ ਮੁੜਨਾ ਹੀ ਬਿਹਤਰ ਸਮਝਿਆ। ਜਮਹੂਰੀ ਕਿਸਾਨ ਸਭਾ ਦੇ ਆਗੂ ਰਾਜਵੀਰ ਸਿੰਘ ਕਿਲਾ ਰਾਏਪੁਰ, ਗੁਰਉਪਦੇਸ਼ ਸਿੰਘ ਘੁੰਗਰਾਣਾ, ਰਘਵੀਰ ਸਿੰਘ ਆਸੀ ਕਲਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂਆਂ ਚਰਨਜੀਤ ਸਿੰਘ ਫੱਲੇਵਾਲ, ਮਹਿੰਦਰ ਸਿੰਘ ਨਾਰੰਗਵਾਲ, ਦਰਸ਼ਨ ਸਿੰਘ ਦੀ ਅਗਵਾਈ ਵਿੱਚ ਜੁਟੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਹਰਨੇਕ ਸਿੰਘ ਗੁੱਜਰਵਾਲ, ਅਮਰੀਕ ਸਿੰਘ ਜੜਤੌਲੀ, ਬਲਵੰਤ ਸਿੰਘ ਘੁਡਾਣੀ, ਰਾਜਿੰਦਰ ਸਿੰਘ ਸਿਆੜ, ਬਿੱਕਰਜੀਤ ਸਿੰਘ ਨੇ ਕਿਹਾ ਕਿ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ਉਪਰ ਜਬਰ ਕਰਨ ਵਾਲੀ ਭਾਜਪਾ ਦੀ ਅਗਵਾਈ ਵਾਲ਼ੀ ਸਰਕਾਰ ਅਤੇ ਉਸ ਦੇ ਸਹਿਯੋਗੀਆਂ ਨੂੰ ਪਿੰਡਾਂ ਸ਼ਹਿਰਾਂ ਵਿੱਚ ਲੋਕ ਰੋਹ ਦਾ ਸਾਹਮਣਾ ਕਰਨਾ ਪਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਪਿੰਡਾਂ ਦਾ ਭਾਈਚਾਰਾ ਖ਼ਤਮ ਕਰ ਕੇ ਹਰ ਹੀਲੇ ਸੱਤਾ ਹਾਸਲ ਕਰਨਾ ਚਾਹੁੰਦੀ ਹੈ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਭਾਈਚਾਰਾ ਕਾਇਮ ਰੱਖਣ ਅਤੇ ਭਾਜਪਾ ਦੀਆਂ ਚਾਲਾਂ ਨੂੰ ਸਫਲ ਨਾ ਹੋਣ ਦੇਣ।

Advertisement

ਕਿਸਾਨ ਪਿੰਡਾਂ ’ਚ ਨਹੀਂ ਲੱਗਣ ਦੇ ਰਹੇ ਭਾਜਪਾ ਉਮੀਦਵਾਰਾਂ ਦੇ ਪੈਰ

ਮੋਗਾ (ਮਹਿੰਦਰ ਸਿੰਘ ਰੱਤੀਆਂ): ਲੋਕ ਸਭਾ ਚੋਣਾਂ ਸਬੰਧੀ ਭਾਜਪਾ ਦੇ ਉਮੀਦਵਾਰਾਂ ਨੂੰ ਲਗਾਤਾਰ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਪਿੰਡਾਂ-ਕਸਬਿਆਂ ਵਿੱਚ ਭਾਜਪਾ ਉਮੀਦਵਾਰਾਂ ਦੇ ਪੈਰ ਨਹੀਂ ਲੱਗਣ ਦੇ ਰਹੇ। ਕਿਸਾਨ ਹੱਥਾਂ ਵਿੱਚ ਝੰਡੀਆਂ ਲੈ ਕੇ ਭਾਜਪਾ ਤੇ ਕੇਂਦਰ ਸਰਕਾਰ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕਰ ਰਹੇ ਹਨ। ਪਿੰਡ ਜਲਾਲਾਬਾਦ ਪੂਰਬੀ ਵਿੱਚ ਵੀ ਕੱਲ੍ਹ ਸ਼ਾਮ ਨੂੰ ਕਿਸਾਨਾਂ ਤੇ ਭਾਜਪਾ ਸਮਰਥਕਾਂ ਵਿਚ ਪੁਲੀਸ ਦੀ ਸੂਝ-ਬੂਝ ਨਾਲ ਟਕਰਾਅ ਟਲ ਗਿਆ। ਭਾਜਪਾ ਉਮੀਦਵਾਰ ਹੰਸ ਰਾਜ ਹੰਸ ਕੁਝ ਬੋਲਣ ਦੀ ਥਾਂ ਉਦਾਸ ਤੇ ਸੋਚਾਂ ਵਿਚ ਡੁੱਬੇ ਦਿਖਾਈ ਦਿੱਤੇ। ਸ੍ਰੀ ਹੰਸ ਨੇ ਧਰਮਕੋਟ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਦਾ ਆਖਣਾ ਹੈ ਕਿ ਸਬਰ ਰੱਖਣ ਨਾਲ ਰਿਸ਼ਤਾ ਟੁੱਟਣੋਂ ਬਚ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜ਼ਿੰਦਗੀ ਕਦੇ-ਕਦੇ ਇਹੋ ਜਿਹੇ ਹਾਲਾਤ ਪੈਦਾ ਕਰ ਦਿੰਦੀ ਹੈ ਕਿ ਸਾਨੂੰ ਉਹ ਬੋਲਣਾ ਪੈਂਦਾ ਜੋ ਨਹੀਂ ਬੋਲਣਾ ਹੁੰਦਾ, ਇਸ ਦੀ ਵਜ੍ਹਾ ਗੁੱਸਾ ਜਾਂ ਹੋਰ ਕੁਝ ਵੀ ਹੋ ਸਕਦਾ ਪਰ ਸਾਨੂੰ ਚਾਹੀਦਾ ਕਿ ਆਪਣੇ ਰਿਸ਼ਤਿਆਂ ਨੂੰ ਮਜ਼ਬੂਤ ਕਰੀਏ ਤੇ ਹਰ ਬੋਲ ਅੰਦਰ ਛੁਪੀ ਚੁੱਪ ਨੂੰ ਪਛਾਣੀਏ। ਕਿਸਾਨਾਂ ਦਾ ਕਹਿਣਾ ਸੀ ਕਿ ਉਹ ਭਾਜਪਾ ਉਮੀਦਵਾਰ ਦੇ ਕੋਲੋਂ ਸਵਾਲਾਂ ਦੇ ਜਵਾਬ ਲੈਣਾ ਚਾਹੁੰਦੇ ਹਨ ਪਰ ਭਾਰੀ ਪੁਲੀਸ ਬਲ ਤਾਇਨਾਤ ਹੋਣ ਕਰ ਕੇ ਉਨ੍ਹਾਂ ਨੂੰ ਗੱਲਬਾਤ ਕਰਨ ਤੋਂ ਵੀ ਰੋਕਿਆ ਜਾ ਰਿਹਾ ਹੈ ਤੇ ਨਾ ਹੀ ਭਾਜਪਾ ਉਮੀਦਵਾਰ ਉਨ੍ਹਾਂ ਦੇ ਨਾਲ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਕਿਸਾਨਾਂ ਨੂੰ ਸਵਾਲਾਂ ਦੇ ਜਵਾਬ ਨਹੀਂ ਮਿਲਦੇ, ਓਨੀ ਦੇਰ ਤੱਕ ਭਾਜਪਾ ਉਮੀਦਵਾਰਾਂ ਦਾ ਵਿਰੋਧ ਜਾਰੀ ਰਹੇਗਾ।

Advertisement
Author Image

joginder kumar

View all posts

Advertisement
Advertisement
×