For the best experience, open
https://m.punjabitribuneonline.com
on your mobile browser.
Advertisement

ਰਵਨੀਤ ਬਿੱਟੂ ਕੁਝ ਵੀ ਕਰ ਲੈਣ ਚੋਣ ਨਹੀਂ ਜਿੱਤ ਸਕਦੇ: ਵੜਿੰਗ

10:45 AM May 28, 2024 IST
ਰਵਨੀਤ ਬਿੱਟੂ ਕੁਝ ਵੀ ਕਰ ਲੈਣ ਚੋਣ ਨਹੀਂ ਜਿੱਤ ਸਕਦੇ  ਵੜਿੰਗ
ਜਗਰਾਉਂ ਵਿੱਚ ਸੋਮਵਾਰ ਨੂੰ ਰੋਡ ਸ਼ੋਅ ਦੌਰਾਨ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹੋਰ ਆਗੂ।
Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 27 ਮਈ
ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੁਣੌਤੀ ਦਿੱਤੀ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਲੁਧਿਆਣਾ ਆਉਣ ਤੋਂ ਬਾਅਦ ਉਹ ਵੀ ਰਵਨੀਤ ਬਿੱਟੂ ਨੂੰ ਜਿਤਾ ਨਹੀਂ ਸਕਦੇ। ਜਗਰਾਉਂ ਹਲਕੇ ਦੇ ਪਿੰਡਾਂ ਵਿਚ ਦਿਨ ਸਮੇਂ ਚੋਣ ਪ੍ਰਚਾਰ ਕਰਨ ਤੋਂ ਬਾਅਦ ਸ਼ਹਿਰ ਅੰਦਰ ਵਿਸ਼ਾਲ ਰੋਡ ਸ਼ੋਅ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਲੜਾਈ ਵਫ਼ਾਦਾਰੀ ਤੇ ਗੱਦਾਰੀ ਦੀ ਹੈ। ਰਵਨੀਤ ਬਿੱਟੂ ਨੇ ਕਾਂਗਰਸ ਪਾਰਟੀ ਦੀ ਪਿੱਠ ’ਚ ਛੁਰਾ ਮਾਰ ਕੇ ਜੋ ਗੱਦਾਰੀ ਕੀਤੀ ਹੈ ਲੋਕ ਉਸ ਦਾ ਬਦਲਾ ਲੈਣ ਲਈ ਕਾਹਲੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਵਿਰੋਧੀ ਸੋਚ ਅਤੇ ਹੋਰ ਗਲਤ ਨੀਤੀਆਂ ਕਰਕੇ ਲੋਕ ਉਂਝ ਹੀ ਭਾਜਪਾ ਦੇ ਵਿਰੋਧ ‘ਚ ਖੜ੍ਹੇ ਹਨ। ਉਪਰੋਂ ਪਾਰਟੀ ਬਦਲਣ ਦੀ ਸਜ਼ਾ ਵੀ ਬਿੱਟੂ ਨੂੰ ਮਿਲਣੀ ਹੈ। ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ‘ਚ ਰੋਡ ਸ਼ੋਅ ਦੌਰਾਨ ਕਾਂਗਰਸੀ ਉਮੀਦਵਾਰ ਨੇ ਲੋਕਾਂ ਨੂੰ ਦੇਸ਼ ਤੇ ਸੰਵਿਧਾਨ ਬਚਾਉਣ ਲਈ ਭਾਜਪਾ ਖ਼ਿਲਾਫ਼ ਵੋਟ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਹੀ ਇਕ ਬਿਹਤਰ ਬਦਲ ਹੈ ਅਤੇ ਹੁਣ ਤਾਂ ਛੇ ਗੇੜ ਦੀ ਵੋਟਿੰਗ ਤੋਂ ਵੀ ਸਾਫ਼ ਹੋ ਗਿਆ ਹੈ ਕਿ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਜਾ ਰਹੀ ਹੈ। ਇਸ ਸਮੇਂ ਉਨ੍ਹਾਂ ਕਾਂਗਰਸ ਦੇ ਚੋਣ ਮੈਨੀਫੈਸਟੋ ‘ਚ ਕੀਤੇ ਵਾਅਦੇ ਦੁਹਰਾਏ ਅਤੇ ਅਗਨੀਵੀਰ ਸਕੀਮ ਰੱਦ ਕਰਨ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਕਾਂਗਰਸ ਹੀ ਅਮਨ ਸ਼ਾਂਤੀ ਬਹਾਲ ਕਰਕੇ ਲੋਕਾਂ ਨੂੰ ਗੁੰਡਾਗਰਦੀ ਤੋਂ ਨਿਜਾਤ ਦਿਵਾ ਸਕਦੀ ਹੈ। ਇਸੇ ਤਰ੍ਹਾਂ ਨਸ਼ਿਆਂ ਸਮੇਤ ਹੋਰ ਮੁੱਦਿਆਂ ‘ਤੇ ਗੰਭੀਰਤਾ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬਿੱਟੂ ਦੇ ਹੱਕ ‘ਚ ਚੋਣ ਰੈਲੀ ਕਰਕੇ ਦੇਖ ਲਈ ਹੈ ਅਤੇ ਹੁਣ ਜੇਕਰ ਪੰਜਾਬ ਦੌਰੇ ‘ਤੇ ਆ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹੁਣ ਤਾਂ ਉਹ ਵੀ ਲੁਧਿਆਣਾ ‘ਚ ਜ਼ੋਰ ਲਾ ਕੇ ਦੇਖ ਲੈਣਗੇ। ਰੋਡ ਸ਼ੋਅ ਮੌਕੇ ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਪ੍ਰੀਤਮ ਸਿੰਘ ਅਖਾੜਾ, ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਹੈਪੀ ਰਾਏ, ਨਵਦੀਪ ਗਰੇਵਾਲ, ਹਰਪ੍ਰੀਤ ਧਾਲੀਵਾਲ, ਪ੍ਰਸ਼ੋਤਮ ਲਾਲ ਖਲੀਫਾ, ਕਮਲ ਵਰਮਾ ਆਦਿ ਮੌਜੂਦ ਸਨ।

Advertisement

ਨੇਤਰਹੀਣਾਂ ਨੂੰ ਕੇਂਦਰ ਪਾਸੋਂ ਮਿਲਦੀਆਂ ਸਹੂਲਤਾਂ ਦਿਵਾਵਾਂਗਾ: ਵੜਿੰਗ

ਲੁਧਿਆਣਾ (ਸਤਵਿੰਦਰ ਸਿੰਘ ਬਸਰਾ): ਲੋਕ ਸਭਾ ਚੋਣਾਂ ਵਿੱਚ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਉਹ ਐਮਪੀ ਬਣੇ ਤਾਂ ਲੁਧਿਆਣਾ ਨੂੰ ਇੰਡਸਟਰੀ ਦੀ ਹੱਬ ਬਣਵਾਉਣਾ, ਬੁੱਢੇ ਨਾਲੇ ਦੀ ਸਫਾਈ ਕਰਵਾ ਕੇ ਸੈਰਗਾਹ ਬਣਵਾਉਣਾ, ਸਿਹਤ ਸਹੂਲਤਾਂ ਲਈ ਏਮਜ਼ ਪੱਧਰ ਦਾ ਹਸਪਤਾਲ ਬਣਵਾਉਣ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਹਰ ਵਰਗਾਂ ਦੇ ਨਾਲ-ਨਾਲ ਨੇਤਰਹੀਣਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਪਹਿਲ ਦੇ ਆਧਾਰ ’ਤੇ ਦਿਵਾਉਣਗੇ। ਉਹ ਅੱਜ ਸ਼ਹੀਦ ਭਗਤ ਸਿੰਘ ਮਾਰਨਿੰਗ ਵਾਕਰ ਕਲੱਬ ਵੱਲੋਂ ਸੁਖਦੇਵ ਸਿੰਘ ਧਾਲੀਵਾਲ ਪਾਰਕ ਵਿੱਚ ਸਮਾਜ ਸੇਵੀ ਪਰਮਿੰਦਰ ਫੁੱਲਾਂਵਾਲ ਦੇ ਜਨਮ ਦਿਨ ਮੌਕੇ ਕਰਵਾਏ ਸਮਾਗਮ ਵਿੱਚ ਸ਼ਿਰਕਤ ਕਰਨ ਪੁੱਜੇ। ਇਸ ਤੋਂ ਪਹਿਲਾਂ ਪਾਰਕ ਵਿੱਚ ਯੋਗਾ ਕਰਦੇ ਲੋਕਾਂ ਨਾਲ ਰਾਜਾ ਵੜਿੰਗ ਤੇ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕਾਫੀ ਸਮਾਂ ਯੋਗਾ ਵੀ ਕੀਤਾ। ਸ੍ਰੀ ਆਸ਼ੂ ਨੇ ਕਿਹਾ ਇੰਡੀਆ ਗਠਜੋੜ ਨੂੰ ਜਿਤਾ ਕੇ ਹੀ ਲੋਕਤੰਤਰ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੁਧਿਆਣਾ ਵਾਸੀ ਰਾਜਾ ਵੜਿੰਗ ਨੂੰ ਸਭ ਤੋਂ ਵੱਧ ਵੋਟਾਂ ਨਾਲ ਜਿਤਾਉਣ ਦਾ ਰਿਕਾਰਡ ਬਣਾਉਣਗੇ। ਕਲੱਬ ਦੇ ਪ੍ਰਧਾਨ ਇੰਦਰਜੀਤ ਸਿੰਘ ਰਾਏਪੁਰ ਨੇ ਰਾਜਾ ਵੜਿੰਗ ਤੇ ਸ੍ਰੀ ਆਸ਼ੂ ਨੂੰ ਵੱਧ ਤੋਂ ਵੱਧ ਵੋਟਾ ਪਵਾਉਣ ਦਾ ਭਾਰੋਸਾ ਦਿਵਾਇਆ। ਇਸ ਮੌਕੇ ਕਰਨੈਲ ਸਿੰਘ ਤੱਤਲਾ, ਨਾਨਕ ਗਰੇਵਾਲ, ਮਨੀ ਗਰੇਵਾਲ, ਸੰਨੀ ਦਾਦ, ਮਨਜੀਤ ਸਿੰਘ ਲਾਂਬਾ, ਦੀਪਕ ਰਾਜੂ, ਮਨਦੀਪ ਰਾਣਾ, ਮੇਜਰ ਸਿੰਘ ਬਰਾੜ, ਮਨਮੋਹਨ ਸਿੰੰਘ ਗਰੇਵਾਲ, ਹਰਜਿੰਦਰ ਸ਼ਰਮਾ, ਗੋਗੀ ਹਠੂਰ, ਮੁਕੇਸ਼ ਸਾਹਨੀ, ਕਮਲ ਗਰੇਵਾਲ, ਸਤਪਾਲ ਬਰਾੜ, ਕੁਲਦੀਪ ਮਰਾੜ, ਕਿਰਪਾਲ ਸਿੰਘ ਭੱਟੀ ਆਦਿ ਮੌਜੂਦ ਸਨ।

Advertisement

Advertisement
Author Image

joginder kumar

View all posts

Advertisement