ਬਾਲਘਰ ਧਾਮ ਤਲਵੰਡੀ ਖੁਰਦ ਦੀ ਰਵਿੰਦਰ ਕੌਰ ਬਣੀ ਯੂਨੀਵਰਸਿਟੀ ਟਾਪਰ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 25 ਜੁਲਾਈ
ਭੂਰੀ ਵਾਲੇ ਭੇਖ ਦੇ ਮੌਜੂਦਾ ਗੱਦੀਨਸ਼ੀਨ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਵੱਲੋਂ ਚਲਾਏ ਜਾਂਦੇ ਸਵਾਮੀ ਗੰਗਾ ਨੰਦ ਭੂਰੀ ਵਾਲੇ ਬਾਲ ਘਰ ਧਾਮ ਤਲਵੰਡੀ ਖੁਰਦ ਦੀ ਰਵਿੰਦਰ ਕੌਰ ਨੇ ਯੂਨੀਵਰਸਿਟੀ ਟਾਪਰ ਬਣ ਕੇ ਆਪਣਾ ਤੇ ਸੰਸਥਾ ਦਾ ਨਾਂ ਚਮਕਾਇਆ ਹੈ। ਬਚਪਨ ਤੋਂ ਇਸੇ ਬਾਲ ਘਰ ‘ਚ ਰਹਿ ਕੇ ਵੱਡੀ ਹੋਈ 25 ਸਾਲਾ ਰਵਿੰਦਰ ਕੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਮਏ ਕਰ ਚੁੱਕੀ ਹੈ ਅਤੇ ਹੁਣ ਜੀਐੱਚਜੀ ਖਾਲਸਾ ਕਾਲਜ ਫਾਰ ਐਜੂਕੇਸ਼ਨ ਗੁਰੂਸਰ ਸੁਧਾਰ ਤੋਂ ਪੋਸਟ ਗਰੈਜੂਏਟ ਡਿਪਲੋਮਾ ਇਨ ਗਾਈਡੈਂਸ ਐਂਡ ਕਾਊਂਸਲਿੰਗ ਕਰ ਰਹੀ ਹੈ। ਇਸ ਡਿਪਲੋਮੇ ਦੇ ਪਹਿਲੇ ਸਮੈਸਟਰ ‘ਚ ਉਸ ਨੇ 300 ਵਿੱਚੋਂ 248 ਅੰਕ ਹਾਸਲ ਕਰਕੇ ਯੂਨੀਵਰਸਿਟੀ ਪੱਧਰ ‘ਤੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਹ ਨਤੀਜਾ ਆਉਣ ‘ਤੇ ਅੱਜ ਬਾਲ ਘਰ ਵਿਖੇ ਐੱਸਜੀਬੀ ਫਾਊਂਡੇਸ਼ਨ ਦੇ ਸੈਕਟਰੀ ਕੁਲਦੀਪ ਸਿੰਘ ਮਾਨ ਵੱਲੋਂ ਵੈਦ ਸ਼ਿਵ ਕੁਮਾਰ ਭਾਦਸੋਂ, ਡਾ. ਕ੍ਰਿਸ਼ਨ ਕੁਮਾਰ, ਅਡਾਪਸ਼ਨ ਕੋਆਰਡੀਨੇਟਰ ਏਕਮਦੀਪ ਗਰੇਵਾਲ, ਐੱਸਜੀਬੀ ਇੰਟਰਨੈਸ਼ਨਲ ਫਾਊਂਡੇਸ਼ਨ ਅਮਰੀਕਾ ਦੇ ਮੁੱਖ ਪ੍ਰਬੰਧਕ ਸੁਖਵਿੰਦਰ ਸਿੰਘ ਸੰਘੇੜਾ, ਭਾਈ ਗੁਰਮੀਤ ਸਿੰਘ ਨਾਲ ਮਿਲ ਕੇ ਰਵਿੰਦਰ ਕੌਰ ਦਾ ਮੂੰਹ ਮਿੱਠਾ ਕਰਵਾਇਆ।