ਰਵੀਨਾ ਟੰਡਨ ਦਾ ‘ਦਿ ਪਾਵਰ ਵਿਮੈਨ’ ਐਵਾਰਡ ਨਾਲ ਸਨਮਾਨ
ਨਵੀਂ ਦਿੱਲੀ: ਇੱਥੇ ਸਮਾਰੋਹ ਦੌਰਾਨ ਨੈਸ਼ਨਲ ਕੁਆਲਿਟੀ ਐਵਾਰਡਜ਼ 2024 ਵਿੱਚ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਨੂੰ ‘ਦਿ ਪਾਵਰ ਵਿਮੈਨ’ ਦਾ ਐਵਾਰਡ ਦਿੱਤਾ ਗਿਆ। ਸਮਾਗਮ ਵਿੱਚ ਸੌ ਤੋਂ ਵੱਧ ਜੇਤੂਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਬ੍ਰਾਂਡ ਇੰਮਪਾਵਰ ਪ੍ਰਾਈਵੇਟ ਲਿਮਟਿਡ ਦੇ ਸੰਸਥਾਪਕ ਅਤੇ ਸੀਈਓ ਰਾਹੁਲ ਰੰਜਨ ਸਿੰਘ ਨੇ ਰਵੀਨਾ ਟੰਡਨ ਨੂੰ ਇਹ ਐਵਾਰਡ ਦੇਣ ਦੇ ਕਾਰਨ ਬਾਰੇ ਦੱਸਿਆ। ਉਸ ਨੇ ਕਿਹਾ ਕਿ ਹੁਣੇ ਜਿਹੇ ਵਾਪਰੀ ਘਟਨਾ ’ਚ ਗੁੱਸੇ ਵਿੱਚ ਆਈ ਭੀੜ ਨੇ ਜਦੋਂ ਰਵੀਨਾ ਦੇ ਡਰਾਈਵਰ ਦੀ ਕੁੱਟਮਾਰ ਕੀਤੀ ਸੀ ਤਾਂ ਉਸ ਵੇਲੇ ਅਦਾਕਾਰਾ ਨੇ ਜਿਸ ਸ਼ਿੱਦਤ ਤੇ ਬਹਾਦਰੀ ਨਾਲ ਭੀੜ ਦਾ ਸਾਹਮਣਾ ਕੀਤਾ ਉਹ ਕਾਬਿਲੇ ਤਾਰੀਫ ਸੀ। ਘਟਨਾ ਮੌਕੇ ਹਫੜਾ-ਦਫੜੀ ਦੇ ਬਾਵਜੂਦ ਰਵੀਨਾ ਨੇ ਆਪਣੇ ਡਰਾਈਵਰ ਨੂੰ ਬਚਾਉਣ ਲਈ ਕੋਈ ਕਸਰ ਨਹੀਂ ਛੱਡੀ। ਸੈਲਿਬ੍ਰਿਟੀ ਹੋਣ ਦੇ ਬਾਵਜੂਦ ਉਹ ਕਾਰ ਵਿੱਚ ਬੈਠੀ ਨਹੀਂ ਰਹੀ, ਸਗੋਂ ਕਾਰ ’ਚੋਂ ਬਾਹਰ ਆ ਕੇ ਉਸ ਨੇ ਭੀੜ ਦਾ ਡੱਟ ਕੇ ਸਾਹਮਣਾ ਕੀਤਾ ਅਤੇ ਆਪਣੇ ਡਰਾਈਵਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ। ਇਸ ਮੌਕੇ ਰਵੀਨਾ ਟੰਡਨ ਨੇ ਕਿਹਾ ਕਿ ਆਪਣੇ ਆਲੇ ਦੁਆਲੇ ਦੇ ਲੋਕਾਂ ਦੀ ਰੱਖਿਆ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। -ਏਐੱਨਆਈ