ਲੁਧਿਆਣਾ ਸ਼ਹਿਰ ਵਿੱਚ 45 ਥਾਵਾਂ ’ਤੇ ਫੂਕੇ ਰਾਵਣ ਦੇ ਪੁਤਲੇ
ਗਗਨਦੀਪ ਅਰੋੜਾ
ਲੁਧਿਆਣਾ, 11 ਅਕਤੂਬਰ
ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਦਸਹਿਰੇ ਦੇ ਤਿਉਹਾਰਾ ਮੌਕੇ ਅੱਜ ਜੈ ਸ੍ਰੀ ਰਾਮ ਦੇ ਜੈਕਾਰਿਆਂ ਵਿੱਚ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲੇ ਫੁਕੇ ਗਏ। ਸ਼ਹਿਰ ਵਿੱਚ 45 ਤੋਂ ਵੱਧ ਥਾਵਾਂ ’ਤੇ ਦਸਹਿਰੇ ਮੇਲੇ ਲਗਾਏ ਗਏ ਸਨ। ਜਿਥੇ ਸ਼ਨਿੱਚਰਵਾਰ ਨੂੰ ਰਾਵਣ ਦੇ ਪੁਤਲੇ ਫੁਕ ਦਸਹਿਰਾ ਮਨਾਇਆ ਗਿਆ। ਸ਼ਹਿਰ ਦੇ ਸਭ ਤੋਂ ਪੁਰਾਣੇ ਤੇ ਇਤਿਹਾਸਿਕ ਦਰੇਸੀ ਮੈਦਾਨ ਵਿੱਚ ਸ੍ਰੀ ਰਾਮ ਲੀਲਾ ਕਮੇਟੀ ਵੱਲੋਂ ਹਾਈਟੈੱਕ ਤਰੀਕੇ ਦੇ ਨਾਲ ਰਾਵਣ ਦਹਿਣ ਦਾ ਸਮਾਗਮ ਕੀਤਾ ਗਿਆ ਸੀ। ਜਿਥੇ ਲੋਕ ਸਭਾ ਮੈਂਬਰ ਰਾਜਾ ਵੜਿੰਗ ਨੇ ਰਿਮੋਟ ਦਾ ਬਟਨ ਦੱਬ ਕੇ ਰਾਵਣ ਦੇ ਪੁਤਲੇ ਦਾ ਦਹਿਣ ਕੀਤਾ। ਲੋਕਾਂ ਨੂੰ ਸੁਰੱਖਿਆ ਦੇਣ ਦੇ ਲਈ ਪੁਲੀਸ ਵੱਲੋਂ ਵੱਲੋਂ ਵੀ ਖਾਸੇ ਪ੍ਰਬੰਧ ਕੀਤੇ ਗਏ ਸਨ। ਮੇਲੇ ਦੇ ਅੰਦਰ ਤੇ ਬਾਹਰ ਦੋਵੇਂ ਪਾਸੇ ਪੁਲੀਸ ਨੇ ਕਈ ਲੇਅਰਾਂ ਵਿੱਚ ਸੁਰੱਖਿਆ ਮੁਲਾਜ਼ਮਾਂ ਦੀ ਤੈਨਾਤੀ ਕੀਤੀ ਗਈ ਸੀ। ਖੁਦ ਪੁਲੀਸ ਕਮਿਸ਼ਨਰ ਤੇ ਡੀਸੀ ਵੀ ਵੱਖ ਵੱਖ ਇਲਾਕਿਆਂ ਵਿੱਚ ਦੌਰੇ ਕਰਦੇ ਰਹੇ। ਸ਼ਹਿਰ ਦੇ ਸਭ ਤੋਂ ਪੁਰਾਣੇ ਇਤਿਹਾਸਕ ਦਰੇਸੀ ਮੈਦਾਨ ਵਿੱਚ ਸ਼ਹਿਰ ਦਾ ਸਭ ਤੋਂ ਵੱਡਾ ਰਾਵਣ ਦਾ ਪੁਤਲਾ ਬਣਾਇਆ ਗਿਆ ਸੀ। 20 ਦਿਨਾਂ ਦੀ ਮਿਹਨਤ ਤੋਂ ਬਾਅਦ ਆਗਰੇ ਤੋਂ ਆਏ ਕਾਰੀਗਾਰਾਂ ਨੇ ਇੱਥੇ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲੇ ਤਿਆਰ ਕੀਤੇ ਸਨ। ਇੱਥੇ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਵਿੱਚ ਲੋਕ ਸਭਾ ਮੈਂਬਰ ਰਾਜਾ ਵੜਿੰਗ ਨੇ ਰਿਮੋਟ ਦਾ ਬਟਨ ਦੱਬ ਕੇ ਰਾਵਣ ਦੇ ਪੁਤਲੇ ਦਾ ਦਹਿਣ ਕੀਤਾ। ਇਸ ਤੋਂ ਇਲਾਵਾ ਜਗਰਾਉਂ ਪੁਲ ਨੇੜੇ ਸਥਿਤ ਦੁਰਗਾ ਮਾਤਾ ਮੰਦਿਰ ਦੇ ਸਾਹਮਣੇ ਵਾਲੀ ਗਰਾਊਂਡ ਵਿੱਚ ਵੀ ਵੱਡਾ ਦਸਹਿਰਾ ਮੇਲਾ ਲਗਾਇਆ ਗਿਆ ਹੈ। ਉਪਕਾਰ ਨਗਰ ਅਤੇ ਸੈਕਟਰ 39 ਵਰਧਮਾਨ ਮਿੱਲ ਦੇ ਸਾਹਮਣੇ, ਜਮਾਲਪੁਰ, ਫੋਕਲ ਪੁਆਇੰਟ, ਸਰਾਭਾ ਨਗਰ, ਬੀਆਰਐਸ ਨਗਰ, ਗਿਆਸਪੁਰਾ, ਦੁਗਰੀ ਸਣੇ 45 ਥਾਵਾਂ ’ਤੇ ਵੱਖ ਵੱਖ ਰਾਮ ਲੀਲਾ ਕਮੇਟੀਆਂ ਵੱਲੋਂ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲੇ ਫੁਕੇ ਗਏ।
ਧਰਮ ਅਤੇ ਵਿਰਸਾ ਕਲੱਬ ਨੇ ਦਸਹਿਰਾ ਮਨਾਇਆ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਧਰਮ ਤੇ ਵਿਰਸਾ ਕਲੱਬ ਵੱਲੋਂ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦਸਹਿਰਾ ਮੇਲਾ ਮੈਟਰੋ ਰੋਡ, ਨੇੜੇ ਪ੍ਰਤਾਪ ਚੌਕ ਵਿੱਚ ਕਰਵਾਇਆ ਗਿਆ ਜਿਸ ਵਿੱਚ ਵਿਰਾਸਤ ਦਾ ਪ੍ਰਤੀਕ ‘ਪੰਜਾਬੀ ਅਖਾੜਾ’ ਮੇਲੇ ਦੀ ਖਿੱਚ ਦਾ ਕੇਂਦਰ ਬਣਿਆ। ਇਸ ਅਖਾੜੇ ਵਿੱਚ ਲੋਕ ਗਾਇਕ ਦੀਪ ਢਿੱਲੋਂ-ਜੈਸਮੀਨ ਜੱਸੀ, ਰੇਸ਼ਮ ਅਨਮੋਲ, ਨੀਤੂ ਵਿਰਕ, ਰੀਤੀਕਾ ਸ਼ਰਮਾ, ਰੇਨੂੰ ਸ਼ਰਮਾ ਅਤੇ ਮਾਧਵਨ ਰਾਏ ਨੇ ਆਪਣੀ ਸੁਰੀਲੀ ਆਵਾਜ਼ ਅਤੇ ਨਿਵੇਕਲੇ ਅੰਦਾਜ਼ ਵਿੱਚ ਰੰਗ ਬੰਨ੍ਹ ਕੇ ਲੋਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਗਾਇਕਾ ਰੀਤੀਕਾ ਸ਼ਰਮਾ ਦੇ ਗਾਏ ਲੋਕ ਤੱਥ ‘ਕਹਿਣੇ ਵਿੱਚ ਪੁੱਤ ਨੀ ਹੁੰਦੇ ਵੱਡੇ ਸ਼ਾਹੂਕਾਰਾਂ ਦੇ’ ਨੇ ਦਰਸ਼ਕਾਂ ਦੀਆਂ ਖੂਬ ਵਾਹ ਵਾਹ ਖੱਟੀ। ਰੇਸ਼ਮ ਅਨਮੋਲ ਨੇ ‘ਮੈਂ ਨੀ ਕਹਿੰਦਾ ਲੰਦਨ ਨਾ ਵੇਖਿਓ, ਪਰ ਸਰਹੰਦ ਭੁੱਲ ਜਾਇਉ ਨਾ’ ਦੁਸਹਿਰਾ ਮੇਲੇ ‘ਚ ‘ ਪੰਜਾਬੀ ਅਖਾੜੇ’ ਦੀ ਆਰੰਭਤਾ ਕੀਤੀ। ਪ੍ਰਧਾਨ ਸਰੂਪ ਸਿੰਘ ਮਠਾੜੂ, ਚੇਅਰਮੈਨ ਇੰਦਰਪ੍ਰੀਤ ਸਿੰਘ ਟਿਵਾਣਾ ਅਤੇ ਮੀਤ ਚੇਅਰਮੈਨ ਮਨਜੀਤ ਸਿੰਘ ਹਰਮਨ ਦੀ ਅਗਵਾਈ ਹੇਠ ਰਾਵਣ, ਮੇਘਨਾਦ ਅਤੇ ਕੁੰਭਕਰਨ ਦੇ ਪੁਤਲੇ ਅਗਨ ਭੇਟ ਕੀਤੇ।