For the best experience, open
https://m.punjabitribuneonline.com
on your mobile browser.
Advertisement

ਵਿਨੀਪੈੱਗ ਵਿੱਚ ‘ਰੌਣਕ ਤੀਆਂ ਦੀ’ ਮੇਲਾ ਕਰਵਾਇਆ

06:54 AM May 24, 2024 IST
ਵਿਨੀਪੈੱਗ ਵਿੱਚ ‘ਰੌਣਕ ਤੀਆਂ ਦੀ’ ਮੇਲਾ ਕਰਵਾਇਆ
ਮੇਲੇ ਦੌਰਾਨ ਗੀਤਾਂ ’ਤੇ ਨੱਚ ਕੇ ਖੁਸ਼ੀ ਦਾ ਇਜ਼ਹਾਰ ਕਰਦੀਆਂ ਹੋਈਆਂ ਔਰਤਾਂ।
Advertisement

ਸੁਰਿੰਦਰ ਮਾਵੀ
ਵਿਨੀਪੈੱਗ, 23 ਮਈ
ਵਿਨੀਪੈੱਗ ਦੇ ਮੈਪਲ ਕਮਿਊਨਿਟੀ ਸੈਂਟਰ ਦੀਆਂ ਗਰਾਊਂਡਾਂ ਵਿੱਚ ਔਰਤਾਂ ਵਾਸਤੇ ‘ਰੌਣਕ ਤੀਆਂ ਦੀ’ ਨਾਮੀ ਮੇਲਾ ਕਰਵਾਇਆ ਗਿਆ, ਜਿਸ ਵਿਚ ਹਰ ਉਮਰ ਦੀਆਂ ਪੰਜਾਬਣਾਂ ਨੇ ਪੂਰੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਮੇਲੇ ਵਿਚ ਔਰਤਾਂ ਨੇ ਖੂਬ ਗਿੱਧਾ ਪਾਇਆ ਤੇ ਗੀਤ ਗਾਏ। ਮੇਲੇ ਦਾ ਪ੍ਰਬੰਧ ਇੰਸ਼ੋਰੈਂਸ ਹੱਟ ਦੀ ਸੰਦੀਪ ਭੱਟੀ ਤੇ ਉਨ੍ਹਾਂ ਦੀ ਟੀਮ ਵੱਲੋਂ ਕੀਤਾ ਗਿਆ, ਜਿਸ ’ਚ ਲਗਪਗ 1500 ਔਰਤਾਂ ਸ਼ਾਮਲ ਹੋਈਆਂ।
ਮੇਲਾ ਪ੍ਰਬੰਧਕ ਸੰਦੀਪ ਭੱਟੀ ਨੇ ਕਿਹਾ, ‘‘ਇਹ ਸੱਚਮੁੱਚ ਅਹਿਮ ਹੈ ਕਿਉਂਕਿ ਅਜਿਹੇ ਜਸ਼ਨਾਂ ਰਾਹੀਂ ਅਸੀਂ ਸਾਰੇ ਇਕੱਠੇ ਹੁੰਦੇ ਹਾਂ। ਅਸੀਂ ਖ਼ੁਦ ਨੂੰ ਵਧੇਰੇ ਖ਼ੁਸ਼ ਕਰਦੇ ਅਤੇ ਨੱਚਦੇ ਹਾਂ। ਇਹ ਅਜਿਹੇ ਪ੍ਰੋਗਰਾਮ ਹਨ ਜਿੱਥੇ ਭਾਈਚਾਰੇ ਦੇ ਮੈਂਬਰ ਆਪਣੇ ਰਵਾਇਤੀ ਪਹਿਰਾਵਿਆਂ ’ਚ ਨੱਚਦੇ ਅਤੇ ਭੰਗੜਾ ਤੇ ਗਿੱਧਾ ਪਾ ਕੇ ਜਸ਼ਨ ਮਨਾਉਂਦੇ ਹਨ।’’ ਭੱਟੀ ਨੇ ਕਿਹਾ ਕਿ ਇਹ ਜਸ਼ਨ ਸਿਰਫ਼ ਮਨੋਰੰਜਨ ਲਈ ਨਹੀਂ ਸੀ, ਬਲਕਿ ਨੌਜਵਾਨ ਹਾਜ਼ਰੀਨ ਨੂੰ ਸੱਭਿਆਚਾਰ ਦੀ ਮਹੱਤਤਾ ਬਾਰੇ ਸਿਖਾਉਣ ਦਾ ਮੌਕਾ ਵੀ ਸੀ। ਉਨ੍ਹਾਂ ਕਿਹਾ, ‘‘ਤੁਸੀਂ ਸਿਰਫ਼ ਆਪਣੇ ਸੱਭਿਆਚਾਰ ਕਾਰਨ ਜਿਊਂਦੇ ਹੋ। ਹਰ ਵਿਅਕਤੀ ਲਈ ਆਪਣੀਆਂ ਜੜ੍ਹਾਂ ਅਤੇ ਸੱਭਿਆਚਾਰ ਨਾਲ ਜੁੜੇ ਰਹਿਣਾ ਬਹੁਤ ਮਹੱਤਵਪੂਰਨ ਹੈ।’’ ਇਹ ਮੇਲਾ 2018 ਤੋਂ ਹਰ ਸਾਲ ਕਰਵਾਇਆ ਜਾਂਦਾ ਹੈ। ਪ੍ਰੋਗਰਾਮ ਦੀ ਸ਼ੁਰੂਆਤ ਦੁਪਹਿਰ 1 ਵਜੇ ਸਥਾਨਕ ਗਾਇਕਾਂ ਅਤੇ ਡਾਂਸਰਾਂ ਦੀ ਪੇਸ਼ਕਾਰੀ ਨਾਲ ਹੋਈ, ਇਸ ਤੋਂ ਬਾਅਦ ਗਾਇਕਾ ਸ਼ਿਪਰਾ ਗੋਇਲ ਨੇ ਆਪਣੀ ਗਾਇਕੀ ਨਾਲ ਇਸ ਮੇਲੇ ਨੂੰ ਚਾਰ ਚੰਨ ਲਾਏ। ਅੰਤ ਵਿਚ ਹੈਪੀ ਰਾਏ ਕੋਟੀ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਮੇਲੇ ਨੂੰ ਸਿਖਰਾਂ ’ਤੇ ਪਹੁੰਚਾਇਆ। ਇਸ ਮੌਕੇ ਡੀਜੇ ਦੇ ਨਾਲ-ਨਾਲ ਖਾਣ-ਪੀਣ ਦੇ ਸਟਾਲਾਂ ’ਤੇ ਟਿੱਕੀ, ਗੋਲਗੱਪੇ, ਸਮੋਸੇ ਅਤੇ ਚਾਟ ਆਦਿ ਦਾ ਵੀ ਪ੍ਰਬੰਧ ਸੀ।

Advertisement

Advertisement
Author Image

joginder kumar

View all posts

Advertisement
Advertisement
×