ਰਤਨਾਵਲੀ ਸਮਾਰੋਹ: ਵਿਦਿਆਰਥੀਆਂ ਵੱਲੋਂ ਲਾਏ ਸਟਾਲ ਖਿੱਚ ਦਾ ਕੇਂਦਰ ਬਣੇ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 27 ਅਕਤੂਬਰ
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਸੋਮਨਾਥ ਸਚਦੇਵਾ ਦੀ ਪ੍ਰਧਾਨਗੀ ਹੇਠ ’ਵਰਸਿਟੀ ਵਿੱਚ 25 ਤੋਂ 28 ਅਕਤੂਬਰ ਤੱਕ ਚੱਲ ਰਹੇ ਚਾਰ ਰੋਜ਼ਾ ਰਾਜ ਪੱਧਰੀ ਹਰਿਆਣਾ ਦਿਵਸ ਰਤਨਾਵਲੀ ਸਮਾਰੋਹ ਦੇ ਪਹਿਲੇ ਸੈਸ਼ਨ ਵਿੱਚ ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੇ ਸਾਬਕਾ ਚੇਅਰਮੈਨ ਭਾਰਤ ਭੂਸ਼ਣ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ਯੂਨੀਵਰਸਿਟੀ ਹਰ ਸਾਲ ਹਰਿਆਣਾ ਦਿਵਸ ਮੌਕੇ ਰਤਨਾਵਲੀ ਮਹੋਤਸਵ ਕਰਵਾਉਂਦੀ ਹੈ। ਰਤਨਾਵਲੀ ਮਹੋਤਸਵ ਹੁਨਰ ਅਤੇ ਹਰਿਆਣਵੀ ਦੇ ਸੱਭਿਆਚਾਰ ਦਾ ਸੁਮੇਲ ਹੈ। ਉਨ੍ਹਾਂ ਡਾ. ਬੀਆਰ ਅੰਬੇਡਕਰ ਦੇ ਵਿਚਾਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੀਵਨ ਵਿੱਚ ਸਫ਼ਲ ਹੋਣ ਲਈ ਪਹਿਲਾ ਕਦਮ ਸਿੱਖਿਆ ਹੈ। ਇੱਕ ਸਿੱਖਿਆ ਜੀਵਨ ਵਿੱਚ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ ਮਿਲਦੀ ਹੈ ਜਿਸ ਨੂੰ ਅੱਖਰ ਗਿਆਨ ਕਿਹਾ ਜਾਂਦਾ ਹੈ। ਦੂਜੀ ਸਿੱਖਿਆ ਵਿਹਾਰਕ ਸਿੱਖਿਆ ਹੈ ਜੋ ਆਪਣੇ ਮਾਤਾ-ਪਿਤਾ, ਦਾਦਾ-ਦਾਦੀ ਤੋਂ ਪ੍ਰਾਪਤ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਯੂਨੀਵਰਸਿਟੀ ਪਹੁੰਚਣ ’ਤੇ ਵਾਈਸ ਚਾਂਸਲਰ ਪ੍ਰੋ. ਸੋਮਨਾਥ ਸਚਦੇਵਾ ਅਤੇ ਰਜਿਸਟਰਾਰ ਪ੍ਰੋ. ਸੰਜੀਵ ਸ਼ਰਮਾ ਨੇ ਭਾਰਤ ਭੂਸ਼ਣ ਭਾਰਤੀ ਅਤੇ ਆਯੂਸ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਤਾਰ ਸਿੰਘ ਧੀਮਾਨ ਦਾ ਸਵਾਗਤ ਕੀਤਾ ਅਤੇ ਵਧਾਈ ਦਿੱਤੀ| ਉਨ੍ਹਾਂ ਆਡੀਟੋਰੀਅਮ ਹਾਲ ਦੇ ਵਿਹੜੇ ਵਿੱਚ ਲਗਾਏ ਸ਼ਿਲਪਕਾਰੀ ਮੇਲੇ ਦਾ ਦੌਰਾ ਕੀਤਾ ਅਤੇ ਮੇਲੇ ਵਿੱਚ ਪ੍ਰਦਰਸ਼ਿਤ ਹਰਿਆਣਵੀ ਪਕਵਾਨਾਂ ਦਾ ਸਵਾਦ ਚਖਿਆ। ਵਿਦਿਆਰਥੀਆਂ ਵੱਲੋਂ ਲਾਏ ਸਟਾਲ ਖਿੱਚ ਦਾ ਕੇਂਦਰ ਬਣੇ।
ਆਡੀਟੋਰੀਅਮ ਵਿੱਚ ਨੌਜਵਾਨ ਕਲਾਕਾਰਾਂ ਨੂੰ ਸੰਬੋਧਨ ਕਰਦਿਆਂ ਭਾਰਤ ਭੂਸ਼ਣ ਭਾਰਤੀ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ ਚੱਲ ਰਹੇ ਰਤਨਾਵਲੀ ਮਹੋਤਸਵ ਵਿੱਚ ਨੌਜਵਾਨ ਵਿਦਿਆਰਥੀਆਂ ਨੂੰ ਆਤਮ ਨਿਰਭਰ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਸ਼ਿਲਪ ਮੇਲੇ ਵਿੱਚ ਜਿਸ ਤਰ੍ਹਾਂ ਵਿਦਿਆਰਥੀਆਂ ਨੇ ਸਟਾਲ ਲਗਾਏ ਹਨ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਰਤਨਾਵਲੀ ਮਹੋਤਸਵ ਹੁਨਰ ਅਤੇ ਸੱਭਿਆਚਾਰ ਦਾ ਸੰਗਮ ਹੈ। ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮਨਾਥ ਸਚਦੇਵਾ ਅਤੇ ਰਜਿਸਟਰਾਰ ਪ੍ਰੋ. ਸੰਜੀਵ ਸ਼ਰਮਾ ਨੇ ਭਾਰਤ ਭੂਸ਼ਣ ਭਾਰਤੀ ਅਤੇ ਡਾ. ਕਰਤਾਰ ਸਿੰਘ ਧੀਮਾਨ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ|
ਇਸ ਮੌਕੇ ਆਯੂਸ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਤਾਰ ਸਿੰਘ ਧੀਮਾਨ, ਰਜਿਸਟਰਾਰ ਪ੍ਰੋ. ਸੰਜੀਵ ਸ਼ਰਮਾ, ਵਿਦਿਆਰਥੀ ਭਲਾਈ ਦੇ ਡੀਨ ਪ੍ਰੋ. ਏ.ਆਰ.ਚੌਧਰੀ, ਯੁਵਕ ਅਤੇ ਸੱਭਿਆਚਾਰਕ ਪ੍ਰੋਗਰਾਮ ਵਿਭਾਗ ਦੇ ਡਾਇਰੈਕਟਰ ਪ੍ਰੋ. ਵਿਵੇਕ ਚਾਵਲਾ ਤੇ ਪ੍ਰੋ. ਰਮੇਸ਼ ਭਾਰਦਵਾਜ ਆਦਿ ਹਾਜ਼ਰ ਸਨ।