ਰਤੀਆ: ਰੰਜਿਸ਼ ਕਾਰਨ ਨੌਜਵਾਨ ਦਾ ਕਤਲ
ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 20 ਅਕਤੂਬਰ
ਰਤੀਆ-ਫਤਿਹਾਬਾਦ ਰੋਡ ਸਥਿਤ ਵੱਡੀ ਨਹਿਰ ਦੇ ਪੁਲ ਨੇੜੇ 26 ਸਾਲਾ ਨੌਜਵਾਨ ਆਕਾਸ਼ ਉਰਫ ਕਾਚਰੀ ਵਾਸੀ ਲਾਲੀ ਰੋਡ ਦੀ ਲਾਸ਼ ਮਿਲੀ ਹੈ, ਜੋ ਕੱਲ੍ਹ ਸ਼ਾਮ ਤੋਂ ਲਾਪਤਾ ਸੀ। ਅੱਜ ਸਵੇਰੇ ਰਾਹਗੀਰਾਂ ਨੇ ਪੁਲ ਕੋਲ ਲਾਸ਼ ਦੀ ਸੂਚਨਾ ਥਾਣਾ ਸਿਟੀ ਪੁਲੀਸ ਨੂੰ ਦਿੱਤੀ। ਸੂਚਨਾ ਮਿਲਣ ’ਤੇ ਪੁਲੀਸ ਅਤੇ ਪਰਿਵਾਰਕ ਮੈਂਬਰ ਮੌਕੇ ’ਤੇ ਪਹੁੰਚੇ। ਮ੍ਰਿਤਕ ਅਕਸ਼ੇ ਦੇ ਵੱਡੇ ਭਰਾ ਅਜੈ ਦੇ ਬਿਆਨਾਂ ’ਤੇ ਸਿਟੀ ਪੁਲੀਸ ਨੇ ਕਲੋਨੀ ਦੇ 5 ਵਿਅਕਤੀਆਂ ਖ਼ਿਲਾਫ਼ ਰੰਜਿਸ਼ ਤਹਿਤ ਕਤਲ ਦਾ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਵਿੱਚ ਅਮਰਨਾਥ, ਸਾਹਿਲ, ਅਮਰਜੀਤ ਕੌਰ, ਰਾਕੇਸ਼ ਕੁਮਾਰ ਵਾਸੀ ਵਾਲਮੀਕਿ ਕਲੋਨੀ ਲਾਲੀ ਰੋਡ ਅਤੇ ਸੋਨੂੰ ਵਾਸੀ ਥਾਂਦੀ ਰੋਡ, ਹਿਸਾਰ ਸ਼ਾਮਲ ਹਨ। ਮ੍ਰਿਤਕ ਵੇਟਰ ਦਾ ਕੰਮ ਕਰਦਾ ਸੀ। ਬੀਤੀ ਦੇਰ ਸ਼ਾਮ ਪੁਲੀਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ। ਮੁਲਜ਼ਮਾਂ ਦੀ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਹੋਈ। ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਮ੍ਰਿਤਕ ਦੇ ਭਰਾ ਅਜੈ ਨੇ ਦੱਸਿਆ ਕਿ ਉਸ ਦੇ ਭਰਾ ਦੀ ਆਕਾਸ਼ ਕਲੋਨੀ ਦੇ ਅਮਰਨਾਥ ਅਤੇ ਥਾਂਦੀ ਰੋਡ ਹਿਸਾਰ ਦੇ ਰਹਿਣ ਵਾਲੇ ਸੋਨੂੰ ਨਾਲ ਕਈ ਸਾਲਾਂ ਤੋਂ ਰੰਜਿਸ਼ ਚੱਲ ਰਹੀ ਸੀ। ਜਦੋਂ ਉਹ ਘਰ ਪਹੁੰਚਿਆ ਤਾਂ ਉਸ ਦਾ ਭਰਾ ਘਰ ਨਹੀਂ ਸੀ। ਜਦੋਂ ਉਸ ਨੇ ਪੁੱਛ ਗਿੱਛ ਕੀਤੀ ਤਾਂ ਉਸ ਨੂੰ ਜਾਣਕਾਰੀ ਮਿਲੀ ਕਿ ਉਸ ਦਾ ਭਰਾ ਸਾਈਕਲ ਲੈ ਕੇ ਬਾਜ਼ਾਰ ਗਿਆ ਹੈ। ਉਹ ਰਾਤ ਭਰ ਉਸ ਦੀ ਭਾਲ ਕਰਦੇ ਰਹੇ ਪਰ ਕੋਈ ਸੁਰਾਗ ਨਹੀਂ ਮਿਲਿਆ। ਅੱਜ ਸਵੇਰੇ ਵੱਡੀ ਨਹਿਰ ਦੇ ਪੁਲ ਕੋਲ ਇੱਕ ਨੌਜਵਾਨ ਦੀ ਲਾਸ਼ ਪਈ ਹੋਣ ਦੀ ਸੂਚਨਾ ਮਿਲੀ। ਜਦੋਂ ਉਹ ਪਰਿਵਾਰ ਸਮੇਤ ਪਹੁੰਚਿਆ ਤਾਂ ਦੇਖਿਆ ਕਿ ਲਾਸ਼ ਉਸ ਦੇ ਭਰਾ ਆਕਾਸ਼ ਦੀ ਸੀ। ਉਸ ਦਾ ਸਾਈਕਲ ਵੀ ਗਾਇਬ ਸੀ। ਉਸ ਦਾ ਚਿਹਰਾ ਬੁਰੀ ਤਰ੍ਹਾਂ ਕੁਚਲਿਆ ਹੋਇਆ ਸੀ। ਸਰੀਰ ’ਤੇ ਸੱਟਾਂ ਦੇ ਨਿਸ਼ਾਨ ਸਨ। ਅਜੈ ਦਾ ਕਹਿਣਾ ਹੈ ਕਿ ਉਸ ਦੇ ਭਰਾ ਦਾ ਅਮਰਨਾਥ ਅਤੇ ਸੋਨੂੰ ਨੇ ਇੱਟਾਂ-ਪੱਥਰਾਂ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ ਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।