ਰਤੀਆ ਨਗਰਪਾਲਿਕਾ ਨੇ ਚਲਾਈ ਨਾਜਾਇਜ਼ ਕਬਜ਼ੇ ਹਟਾਓ ਮੁਹਿੰਮ
ਪੱਤਰ ਪ੍ਰੇਰਕ
ਰਤੀਆ, 11 ਦਸੰਬਰ
ਐੱਸਡੀਐੱਮ ਦੇ ਆਦੇਸ਼ ’ਤੇ ਨਗਰਪਾਲਿਕਾ ਦੇ ਸਕੱਤਰ ਸੁਰਿੰਦਰ ਭੁੱਕਲ ਵੱਲੋਂ ਸ਼ਹਿਰ ਦੇ ਦੁਕਾਨਦਾਰਾਂ ਨੂੰ ਦੁਕਾਨਾਂ ਦੇ ਬਾਹਰ ਨਾਜਾਇਜ਼ ਕਬਜ਼ੇ ਨਾ ਕਰਨ ਦੀ ਦਿੱਤੀ ਗਈ ਚਿਤਾਵਨੀ ਉਪਰੰਤ ਨਗਰਪਾਲਿਕਾ ਦੀ ਟੀਮ ਨੇ ਪੁਲੀਸ ਬਲ ਦੇ ਸਹਿਯੋਗ ਨਾਲ ਸ਼ਹਿਰ ਦੇ ਮੇਨ ਬਾਜ਼ਾਰ ਅਤੇ ਹੋਰ ਮਾਰਗਾਂ ’ਤੇ ਨਾਜਾਇਜ਼ ਕਬਜ਼ੇ ਹਟਾਓ ਮੁਹਿੰਮ ਚਲਾਈ। ਇਸ ਮੁਹਿੰਮ ਤਹਿਤ ਨਗਰਪਾਲਿਕਾ ਦੀ ਟੀਮ ਨੇ ਅਨੇਕਾਂ ਦੁਕਾਨਾਂ ’ਤੇ ਵਰਤੇ ਜਾਣ ਅਤੇ ਵਿਕਰੀ ਹੋਣ ਵਾਲੇ ਸਿੰਗਲ ਯੂਜ ਪਲਾਸਟਿਕ ਦੇ ਲਿਫਾਫਿਆਂ ਨੂੰ ਲੈ ਕੇ ਵੀ ਚਲਾਨ ਕੱਟੇ। ਰੇਹੜੀ ਮਾਲਕਾਂ ਨੂੰ ਇਸ ਸਬੰਧੀ ਪਹਿਲਾਂ ਤੋਂ ਹੀ ਸੂਚਨਾ ਹੋਣ ਕਾਰਨ ਇਹ ਮੁਹਿੰਮ ਉਨੀ ਕਾਰਗਰ ਨਹੀਂ ਰਹੀ। ਨਗਰਪਾਲਿਕਾ ਦੇ ਇੰਚਾਰਜ ਓਂਕਾਰ ਸਿੰਘ, ਦਰੋਗਾ ਮੁਕੇਸ਼ ਕੁਮਾਰ ਅਤੇ ਭੂਪ ਸਿੰਘ ਦੀ ਅਗਵਾਈ ਹੇਠ ਗਠਿਤ ਟੀਮ ਨੇ ਅੱਜ ਇਸ ਮੁਹਿੰਮ ਨੂੂੰ ਲੈ ਕੇ ਪੁਲੀਸ ਦਾ ਸਹਿਯੋਗ ਲਿਆ, ਜਿਸ ਵਿਚ ਸ਼ਹਿਰ ਥਾਣਾ ਦੇ ਸਹਾਇਕ ਉਪ ਨਿਰੀਖਕ ਸਤਇੰਦਰ ਕੁਮਾਰ ਦੀ ਟੀਮ ਸ਼ਾਮਲ ਹੋਈ। ਇਸ ਟੀਮ ਨੇ ਸਭ ਤੋਂ ਪਹਿਲਾਂ ਨਗਰਪਾਲਿਕਾ ਦੇ ਦਫਤਰ ਦੇ ਕੋਲ ਹੀ ਬੁਢਲਾਡਾ ਰੋਡ ’ਤੇ ਉਪਰੋਕਤ ਮੁਹਿੰਮ ਚਲਾਈ ਤਾਂ ਇਸ ਦੌਰਾਨ ਅਨੇਕਾਂ ਦੁਕਾਨਾਂ ਦੇ ਬਾਹਰ ਪਏ ਸਾਮਾਨ ਨੂੰ ਜ਼ਬਤ ਕਰ ਲਿਆ ਅਤੇ ਇਸੇ ਦੌਰਾਨ ਇਸੇ ਮਾਰਗ ’ਤੇ ਇਕ ਦੁਕਾਨ ਤੇ ਸਿੰਗਲ ਯੂਜ ਪਲਾਸਟਿਕ ਦੇ ਲਿਫਾਫੇ ਦੀ ਵਿਕਰੀ ਹੋਣ ’ਤੇ ਚਲਾਨ ਵੀ ਕੱਟ ਦਿੱਤਾ। ਮਗਰੋਂ ਟੀਮ ਨੇ ਸੰਜੇ ਗਾਂਧੀ ਚੌਕ, ਟੋਹਾਣਾ ਰੋਡ ਅਤੇ ਮੁੱਖ ਮੇਨ ਬਾਜ਼ਾਰ ਵਿਚ ਮੁਹਿੰਮ ਚਲਾਈ। ਮੇਨ ਬਾਜ਼ਾਰ ਵਿੱਚ ਕਰਮਚਾਰੀਆਂ ਵੱਲੋਂ ਕੁੱਝ ਦੁਕਾਨਦਾਰਾਂ ਦਾ ਸਾਮਾਨ ਚੁੱਕ ਕੇ ਜ਼ਬਤ ਕੀਤੇ ਜਾਣ ਤੋਂ ਬਾਅਦ ਦੁਕਾਨਦਾਰਾਂ ਅਤੇ ਨਗਰਪਾਲਿਕਾ ਕਰਮਚਾਰੀਆਂ ਵਿੱਚ ਤਕਰਾਰ ਵੀ ਹੋਈ। ਦੁਕਾਨਦਾਰਾਂ ਨੇ ਕਰਮਚਾਰੀਆਂ ਦੀ ਇਸ ਕਾਰਵਾਈ ਦਾ ਵਿਰੋਧ ਵੀ ਕੀਤਾ ਪਰ ਪੁਲੀਸ ਕਰਮਚਾਰੀਆਂ ਨੇ ਦਖਲ ਦਿੰਦੇ ਹੋਏ ਦੋਵੇਂ ਧਿਰਾਂ ਨੂੰ ਸ਼ਾਂਤ ਕਰ ਦਿੱਤਾ।
ਇੰਚਾਰਜ ਵੱਲੋਂ ਮੁਹਿੰਮ ਜਾਰੀ ਰੱਖਣ ਦਾ ਐਲਾਨ
ਇੰਚਾਰਜ ਓਂਕਾਰ ਸਿੰਘ ਨੇ ਦੱਸਿਆ ਕਿ ਸਕੱਤਰ ਦੇ ਆਦੇਸ਼ ’ਤੇ ਹੀ ਉਨ੍ਹਾਂ ਦੀ ਟੀਮ ਨੇ ਮੁੱਖ ਮੇਨ ਬਾਜ਼ਾਰ ਅਤੇ ਹੋਰ ਮੁੱਖ ਚੌਕਾਂ ਦੇ ਦੁਕਾਨਦਾਰਾਂ ਅਤੇ ਰੇਹੜੀ ਮਾਲਕਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜੇ ਨੂੰ ਹਟਾਉਣ ਲਈ ਹੀ ਵਿਸ਼ੇਸ਼ ਮੁਹਿੰਮ ਚਲਾਈ ਹੈ। ਇਸ ਦੌਰਾਨ ਉਨ੍ਹਾਂ ਦੀ ਗਠਿਤ ਇਕ ਹੋਰ ਟੀਮ ਨੇ ਸਿੰਗਲ ਯੂਜ ਪਲਾਸਟਿਕ ਦੀ ਵਿਕਰੀ ਨੂੰ ਰੋਕਣ ਲਈ ਅਨੇਕਾਂ ਦੁਕਾਨਾਂ ’ਤੇ ਕਾਰਵਾਈ ਵੀ ਕੀਤੀ ਹੈ। ਅੱਜ ਪੁਲੀਸ ਦੇ ਸਹਿਯੋਗ ਨਾਲ ਹੀ ਮੁਹਿੰਮ ਚਲਾਈ ਗਈ ਸੀ ਤਾਂ ਕਿ ਨਾਜਾਇਜ਼ ਕਬਜ਼ੇ ਹਟਾਓ ਅਭਿਆਨ ਤਹਿਤ ਕਿਸੇ ਤਰ੍ਹਾਂ ਕੋਈ ਮੁਸ਼ਕਲ ਨਾ ਆਵੇ। ਇਸ ਮੁਹਿੰਮ ਤਹਿਤ ਅਨੇਕਾਂ ਦੁਕਾਨਦਾਰਾਂ ਦੇ ਸਾਮਾਨ ਨੂੰ ਵੀ ਜ਼ਬਤ ਕੀਤਾ ਗਿਆ ਹੈ ਅਤੇ ਉਨ੍ਹਾਂ ’ਤੇ ਜੁਰਮਾਨਾ ਵੀ ਕੀਤਾ ਜਾਵੇਗਾ। ਇੰਚਾਰਜ ਨੇ ਦੱਸਿਆ ਕਿ ਸਕੱਤਰ ਦੇ ਆਦੇਸ਼ ’ਤੇ ਸਮੇਂ-ਸਮੇਂ ’ਤੇ ਹੀ ਉਨ੍ਹਾਂ ਦੀਆਂ ਟੀਮਾਂ ਨਿਯਮਤ ਮੁਹਿੰਮ ਜਾਰੀ ਰੱਖਣਗੀਆਂ।