ਨੈਸ਼ਨਲ ਕਾਨਫਰੰਸ ਦੇ ਰਾਠੇਰ ਬਣ ਸਕਦੇ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਦੇ ਸਪੀਕਰ
ਸ੍ਰੀਨਗਰ, 3 ਨਵੰਬਰ
ਨੈਸ਼ਨਲ ਕਾਨਫਰੰਸ ਦੇ ਸੀਨੀਅਰ ਆਗੂ ਅਤੇ ਚਰਾਰ-ਏ-ਸ਼ਰੀਫ਼ ਤੋਂ ਸੱਤ ਵਾਰ ਦੇ ਵਿਧਾਇਕ ਅਬਦੁੱਲ ਰਹੀਮ ਰਾਠੇਰ (80) ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਵਿਧਾਨ ਸਭਾ ਦੇ ਪਹਿਲੇ ਸਪੀਕਰ ਬਣ ਸਕਦੇ ਹਨ। ਉਧਰ ਭਾਜਪਾ ਨੇ ਡਿਪਟੀ ਸਪੀਕਰ ਦੇ ਅਹੁਦੇ ਲਈ ਨਰਿੰਦਰ ਸਿੰਘ ਰੈਨਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਜੰਮੂ ਕਸ਼ਮੀਰ ਵਿਧਾਨ ਸਭਾ ਦਾ ਪੰਜ ਰੋਜ਼ਾ ਇਜਲਾਸ ਭਲਕੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਸਦਨ ਵੱਲੋਂ ਭਲਕੇ ਪਹਿਲੀ ਬੈਠਕ ਦੌਰਾਨ ਸਪੀਕਰ ਦੀ ਚੋਣ ਕੀਤੀ ਜਾਵੇਗੀ। ਇਸ ਮਗਰੋਂ ਉਪ ਰਾਜਪਾਲ ਸਦਨ ਦੇ ਮੈਂਬਰਾਂ ਨੂੰ ਸੰਬੋਧਨ ਕਰਨਗੇ। ਨੈਸ਼ਨਲ ਕਾਨਫਰੰਸ ਦੇ ਇਕ ਸੀਨੀਅਰ ਆਗੂ ਨੇ ਕਿਹਾ, ‘‘ਸਾਡੇ ਕੋਲ ਵਿਧਾਇਕਾਂ ਦੀ ਚੋਖੀ ਗਿਣਤੀ ਹੈ ਅਤੇ ਰਾਠੇਰ ਸਾਹੇਬ ਵਿਧਾਨ ਸਭਾ ਸਪੀਕਰ ਬਣਨਗੇ।’’ ਰਾਠੇਰ ਇਸ ਤੋਂ ਪਹਿਲਾਂ ਵੀ ਸਪੀਕਰ ਦੇ ਅਹੁਦੇ ’ਤੇ ਤਾਇਨਾਤ ਰਹੇ ਹਨ। ਉਹ 2002 ਤੋਂ 2008 ਦੌਰਾਨ ਪੀਡੀਪੀ-ਕਾਂਗਰਸ ਗੱਠਜੋੜ ਦੀ ਸਰਕਾਰ ਸਮੇਂ ਵਿਰੋਧੀ ਧਿਰ ਦੇ ਆਗੂ ਸਨ।
ਉਧਰ ਭਾਜਪਾ ਨੇ ਵਿਧਾਇਕ ਦਲ ਦੀ ਮੀਟਿੰਗ ਦੌਰਾਨ ਨਰਿੰਦਰ ਸਿੰਘ ਰੈਨਾ ਨੂੰ ਡਿਪਟੀ ਸਪੀਕਰ ਦੇ ਅਹੁਦੇ ਲਈ ਉਮੀਦਵਾਰ ਨਾਮਜ਼ਦ ਕੀਤਾ ਹੈ। ਭਾਜਪਾ ਨੇ ਸਪੀਕਰ ਦੇ ਅਹੁਦੇ ਲਈ ਕਿਸੇ ਉਮੀਦਵਾਰ ਦੇ ਨਾਮ ਦਾ ਐਲਾਨ ਨਹੀਂ ਕੀਤਾ ਹੈ। ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਸਰਕਾਰ ਅਤੇ ਵਿਰੋਧੀ ਧਿਰ ਵਿਚਕਾਰ ਵਿਧਾਨ ਸਭਾ ਦੇ ਇਨ੍ਹਾਂ ਦੋਵੇਂ ਅਹੁਦਿਆਂ ਨੂੰ ਲੈ ਕੇ ਕੋਈ ਸਹਿਮਤੀ ਬਣੀ ਹੈ ਜਾਂ ਨਹੀਂ। ਵਿਧਾਨ ਸਭਾ ਇਜਲਾਸ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸਦਨ 6 ਸਾਲਾਂ ਤੋਂ ਵਧ ਦੇ ਵਕਫ਼ੇ ਮਗਰੋਂ ਸੋਮਵਾਰ ਨੂੰ ਮੁੜ ਜੁੜੇਗਾ। ਜੰਮੂ ਕਸ਼ਮੀਰ ਦੇ ਪੁਨਰਗਠਨ ਤੋਂ ਇਕ ਸਾਲ ਪਹਿਲਾਂ 2018 ’ਚ ਆਖਰੀ ਇਜਲਾਸ ਹੋਇਆ ਸੀ। -ਪੀਟੀਆਈ