For the best experience, open
https://m.punjabitribuneonline.com
on your mobile browser.
Advertisement

ਮੁਫ਼ਤ ਮੱਛੀਆਂ ਵੰਡਣ ਨਾਲੋਂ, ਮੱਛੀਆਂ ਫੜਨਾ ਸਿਖਾਓ

07:03 AM Nov 18, 2023 IST
ਮੁਫ਼ਤ ਮੱਛੀਆਂ ਵੰਡਣ ਨਾਲੋਂ  ਮੱਛੀਆਂ ਫੜਨਾ ਸਿਖਾਓ
Advertisement

ਬਲਦੇਵ ਸਿੰਘ (ਸੜਕਨਾਮਾ)

Advertisement

ਇਸ ਵਾਰ ਪਿੰਡ ਜਾਣ ਦਾ ਸਬੱਬ ਬਣ ਗਿਆ। ਬਹੁਤਿਆਂ ਘਰਾਂ ਦੇ ਬੂਹੇ ਜਿਹੜੇ ਨਿੱਕੇ ਹੁੰਦਿਆਂ ਵੇਖਦਾ ਸਾਂ, ਦੇਰ ਰਾਤ ਤੱਕ ਖੁੱਲ੍ਹੇ ਰਹਿੰਦੇ ਸਨ, ਹੁਣ ਮਹਾਂਨਗਰੀ ਘਰਾਂ ਦੇ ਬੂਹਿਆਂ ਵਾਂਗ ਬੰਦ ਸਨ। ਮੈਂ ਸੱਥ ਕੋਲੋਂ ਦੀ ਲੰਘਣ ਲੱਗਾ ਸਾਂਝੀ ਜਿਹੀ ਫਤਿਹ ਬੁਲਾ ਕੇ ਤੁਰਿਆ ਤਾਂ ਇੱਕ ਅਧਖੜ੍ਹ ਉਮਰ ਦੇ ਬੰਦੇ ਨੇ ਪਛਾਣ ਕਰਦਿਆਂ ਪੁੱਛਿਆਂ:
‘‘ਤੂੰ ਚਾਚੇ ਦਿਆਲ ਦਾ ਮੁੰਡਾ ਏਂ?’’
‘‘ਹਾਂ ਸਹੀ ਪਛਾਣਿਆ।’’ ਮੈਂ ਕਿਹਾ।
‘‘ਫੇਰ ਕੀ ਹੋਇਆ ਤੂੰ ਸ਼ਹਿਰ ’ਚ ਰਹਿਣ ਲੱਗਾ ਪਿਆ। ਏਸੇ ਪਿੰਡ ’ਚੋਂ ਈ ਗਿਐਂ। ਬਹਜਿਾ, ਸੇਵਾ ਦੱਸ ਤੇਰੀ ਕੀ ਕਰੀਏ? ਅੱਜ ਕਿਵੇਂ ਆਉਣਾ ਹੋ ਗਿਆ ਪਿੰਡ ’ਚ?’’ ਉਨ੍ਹਾਂ ਪੁੱਛਿਆ
‘‘ਬੱਚੇ ਤਾਂ ਆਉਂਦੇ ਨ੍ਹੀਂ, ਮੈਂ ਸੋਚਿਆ, ਘਰ ਦਾ ਹਾਲ ਵੇਖ ਆਵਾਂ।’’
‘‘ਘਰ ਵੀ ਵਸਦਿਆਂ ਦੇ ਹੀ ਹੁੰਦੇ ਨੇ।’’
ਇਕ ਬਜ਼ੁਰਗ ਨੇ ਕਿਹਾ, ‘‘ਖੇਤ ਵਾਹੁੰਦਿਆਂ ਦੇ, ਘਰ ਵਸਦਿਆਂ ਦੇ, ਰਿਸ਼ਤੇ ਵਰਤਦਿਆਂ ਦੇ। ਨਹੀਂ ਤਾਂ...।’’ ਉਸ ਨੇ ਗੱਲ ਅਧੂਰੀ ਛੱਡ ਦਿੱਤੀ। ਤੇ ਉਸ ਨੇ ਮੇਰੇ ਬੈਠਣ ਲਈ ਥਾਂ ਬਣਾਉਂਦਿਆਂ ਆਪਣੇ ਲਾਗੇ ਬੈਠੇ ਬਜ਼ੁਰਗ ਨੂੰ ਕਿਹਾ:
‘‘ਫੰਗਣਾ ਗੱਲ ਸਿਰੇ ਲਾ, ਵਿਚਾਲੇ ਗੱਲ ਛੱਡਣੀ ਸਰਾਪ ਦਿੰਦੀ ਐ। ਇਹਦੇ ਨਾਲ ਗੱਲਾਂ ਫੇਰ ਕਰਾਂਗੇ ਆਪਾਂ।’’
ਬਾਬੇ ਫੰਗਣ ਨੇ ਗੱਲ ਦੀ ਛੱਡੀ ਤੰਦ ਫਿਰ ਛੋਹ ਲਈ:
‘‘ਹਾਂ! ਹਾਂ!, ਮੈਂ ਤਾਂ ਦੱਸਣ ਲੱਗਾ ਸੀ, ਬਈ ਆਪਣਾ ਸਫ਼ਰੀ ਬੈਗ ਅੱਜ ਤੋਂ ਹੀ ਤਿਆਰ ਕਰਨ ਲੱਗ ਪਿਆ। ਸਰਕਾਰ ਪਤਾ ਨਹੀਂ ਕਦੋਂ ਐਲਾਨ ਕਰ ਦੇਵੇ... ਬਈ ਕੂਚ ਕਰਨ ਦੀ ਤਿਆਰੀ ਐ। ਫੇਰ ਪੱਛੜ ਨਾ ਜਾਈਏ ਤੇ ਇਕ ਅੱਧ ਵਾਰੀ ਪਿੱਛੋਂ ਇਸ ਸੇਵਾ ਦਾ ਭੋਗ ਹੀ ਨਾ ਪੈ ਜੇ।’’
‘‘ਬਾਤ ਚੱਲ ਕੀ ਰਹੀ ਸੀ... ਕਾਹਦਾ ਭੋਗ ਪਾਉਣ ਲੱਗੇ ਓ?’’ ਠੀਕ ਹੋ ਕੇ ਬੈਠਦਿਆਂ ਮੈਂ ਪੁੱਛਿਆ।
‘‘ਸ਼ਹਿਰੀਆ ਗੱਲ ਇਹ ਹੈ, ਸਰਕਾਰ ਨੇ ਕੀਤੀ ਐ ਘੋਸ਼ਣਾ ਬਈ ਬਜ਼ੁਰਗਾਂ ਨੂੰ ਕਰਵਾਉਣੀ ਐਂ ਮੁਫ਼ਤ ਤੀਰਥ ਯਾਤਰਾ...।’’
‘‘ਅੱਛਾ, ਅੱਛਾ ਸਮਝ ਗਿਆ!’’ ਮੈਂ ਵਿੱਚੋਂ ਹੀ ਬੋਲ ਪਿਆ।
‘‘ਤੇ ਆਪਾਂ ਤਾਂ ਫਿਰ ਵਗਦੀ ਗੰਗਾ ’ਚ ਹੱਥ ਧੋਣ ਲਈ ਬੈਗ ਤਿਆਰ ਕਰ ਲਿਆ।’’ ਗੱਲ ਕਰਕੇ ਉਹ ਹੱਸਣ ਲੱਗਾ।
‘‘ਦੋ ਕੁ ਦਿਨ ਹੋ ਗਏ, ਮੁੰਡੇ ਦੇ ਮੋਬਾਈਲ ’ਤੇ ਕੋਈ ਬੋਲ ਰਿਹਾ ਸੀ- ਅਖੇ ਸਰਕਾਰ ਮੁਫ਼ਤ ਵਿਚ ਕੁਝ ਨਹੀਂ ਦਿੰਦੀ ਲੋਕਾਂ ਨੂੰ, ਉਹ ਆਪਣਾ ਹੀ ਪੈਸਾ ਹੁੰਦੈ। ਉਨ੍ਹਾਂ ਕੋਲ ਕਿਹੜਾ ਨੋਟਾਂ ਦੇ ਰੁੱਖ ਲੱਗੇ ਹੁੰਦੇ ਨੇ। ਪੈਸਾ ਆਪਣਾ, ਮਸ਼ਹੂਰੀ ਸਰਕਾਰ ਦੀ। ਉਹ ਚਾਰ ਕੁ ਸਾਲ ਚੰਮ ਦੀਆਂ ਚਲਾਉਂਦੇ ਨੇ ਤੇ ਪੰਜਵੇਂ ਸਾਲ ਵਿਚ ਮਦਾਰੀ ਦੇ ਝੋਲੇ ਵਿਚੋਂ ਕੱਢੇ ਝੁਰਲੂ ਵਾਂਗ ਕਦੇ ਮੁਫ਼ਤ ਯਾਤਰਾ, ਕਦੇ ਬੀਬੀਆਂ ਨੂੰ ਮੁਫ਼ਤ ਬੱਸ ਸਫ਼ਰ, ਕਦੇ ਮੁਫ਼ਤ ਗੈਸ, ਕਦੇ ਮੁਫ਼ਤ ਪਾਣੀ, ਕਦੇ ਪੀਲਾ ਕਾਰਡ ਤੇ ਅਸੀਂ ਚੋਰ ਦੀ ਵੀ ਜੈ, ਸਾਧੂ ਦੀ ਵੀ ਜੈ, ਠੱਗ ਦੀ ਵੀ ਜੈ, ...ਮੈਂ ਠੀਕ ਆਖਦਾ ਹਾਂ ਨਾ ਸ਼ਹਿਰੀਆ?’’ ਬਜ਼ੁਰਗ ਮੇਰੇ ਵੱਲ ਝਾਕਿਆ।
ਮੈਂ ਹੈਰਾਨ, ਪਿੰਡਾਂ ਵਿਚ ਹੁਣ ਜਾਗ੍ਰਿਤੀ ਆ ਰਹੀ ਹੈ। ਹੁਣ ਪਿੰਡਾਂ ਦੇ ਲੋਕ ਘੋਗੜ ਨਹੀਂ। ਉਹ ਸਭ ਸਮਝਦੇ ਨੇ, ਇੰਨੀ ਮਿਹਨਤ ਕਰਕੇ ਵੀ ਜੇ ਅਸੀਂ ਕਰਜ਼ਾਈ ਹਾਂ, ਇੰਨਾ ਅਨਾਜ ਪੈਦਾ ਕਰਕੇ ਵੀ ਜੇ ਭੁੱਖਮਰੀ ਹੈ ਤਾਂ ਉਨ੍ਹਾਂ ਦੇ ਹਿੱਸੇ ਦਾ ਅਨਾਜ ਕਿਸ ਦੇ ਪੇਟ ਵਿਚ ਜਾਂਦਾ ਹੈ।
ਉਨ੍ਹਾਂ ਵਿਚ ਇਕ ਸੇਵਾਮੁਕਤ ਪ੍ਰਿੰਸੀਪਲ ਬੈਠਾ ਸੀ, ਉਹ ਬੋਲਿਆ, ‘‘ਮੈਂ ਤੁਹਾਨੂੰ ਆਪਣੇ ਘਰ ਦੀ ਗੱਲ ਦੱਸਦੈ। ਸ੍ਰੀਮਤੀ ਆਏ ਦਿਨ ਪਰਸ ’ਚ ਆਧਾਰ ਕਾਰਡ ਪਾ ਕੇ ਤੁਰ ਪੈਂਦੀ ਹੈ। ਅੱਜ ਅੰਬਰਸਰ ਸਾਹਬ ਚੱਲੀ ਆਂ, ਗੁਰੂ ਦੀ ਨਗਰੀ ਮੱਥਾ ਟੇਕ ਆਵਾਂ। ਉਸ ਵਰਗੀਆਂ ਹੋਰ ਵੀ ਹੋਣਗੀਆਂ। ਬੱਸਾਂ ਵਿਚ ਕਿਹੜਾ ਟਿੱਕਟ ਲੱਗਣੈ। ਲੋਕਾਂ ਨੇ ਤਾਂ ਬੀਬੀਆਂ ਦੇ ਚੁਟਕੁਲੇ ਬਣਾਏ ਹੋਏ ਨੇ ਆਖੇ ‘ਚੱਲੋ ਨੀਂ ਜਗਰਾਵੀਂ ਗੋਲਗੱਪੇ ਖਾ ਕੇ ਆਈਏ।’ ਸੱਥ ਵਿਚ ਬੈਠੇ ਸਾਰੇ ਹੱਸਣ ਲੱਗੇ।
ਪ੍ਰਿੰਸੀਪਲ ਫਿਰ ਬੋਲਿਆ, ‘‘ਹੁਣ ਚੋਣਾਂ ਦਾ ਦੌਰ ਹੈ। ਰੋਡ ਸ਼ੋਆਂ ਵਿਚ ਰੈਲੀਆਂ ਵਿਚ ਹੋਕੇ ਸੁਣਦੇ ਓ ਨਾ ਮੁਫ਼ਤ ਮੁਫ਼ਤ ਮੁਫ਼ਤ... ਜਿਵੇਂ ਸੇਲ ਲੱਗੀ ਹੁੰਦੀ ਹੈ। ਸਾਰੇ ਆਗੂ ਇਕ ਦੂਸਰੇ ਤੋਂ ਚੜ੍ਹ ਕੇ। ਪਰ ਇਸ ਮੁਕਾਬਲੇ ਵਿਚ ਅਸੀਂ ਵਿਕਾਸ ਕਰ ਰਹੇ ਹਾਂ ਤੇ ਜੇ ਇਵੇਂ ਹੀ ਚੱਲਦਾ ਰਿਹਾ ਤਾਂ ਜਲਦੀ ਹੀ ਵਿਸ਼ਵ ਗੁਰੂ ਬਣ ਜਾਵਾਂਗੇ।’’
‘‘ਸਰਕਾਰ ਨੂੰ ਇੰਨਾ ਤਾਂ ਨਾ ਨਿੰਦੋ, ਦੇਖੋ ਉਸ ਨੇ ਆਉਂਦੇ ਪੰਜ ਸਾਲਾਂ ਲਈ 80 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਦੇਣ ਦਾ ਐਲਾਨ ਕਰ ਦਿੱਤਾ ਹੈ।’’ ਮੈਂ ਕਿਹਾ।
ਸਾਬਕਾ ਪ੍ਰਿੰਸੀਪਲ ਮੇਰੇ ਵੱਲ ਝਾਕਦਾ ਬੋਲਿਆ, ‘‘ਇਹਦਾ ਮਤਲਬ ਨਹੀਂ ਸਮਝਦਾ ਤੂੰ? ਇਹਦਾ ਮਤਲਬ ਹੈ ਅਜੇ ਵੀ ਦੇਸ਼ ਦੇ 80 ਕਰੋੜ ਲੋਕ ਇੰਨੇ ਗ਼ਰੀਬ ਹਨ। ਉਨ੍ਹਾਂ ਨੂੰ ਮੁਫ਼ਤ ’ਚ ਰਾਸ਼ਨ ਦੀ ਚਾਟ ’ਤੇ ਲਾਇਆ ਹੋਇਆ। ਜੇ ਇਉਂ ਹੀ ਸਾਨੂੰ ਸਭ ਕੁਝ ਮੁਫ਼ਤ ਦੇ ਕੇ ਆਪਣਾ ਉੱਲੂ ਸਿੱਧਾ ਕਰਦੇ ਰਹੇ। ਫਿਰ ਸਾਡੀ ਅਣਖ, ਹੱਥੀਂ ਕਿਰਤ ਕਰਕੇ, ਵੰਡ ਛਕਣ ਦੀ ਸਾਡੀ ਵਿਰਾਸਤ, ਸਾਡੀ ਪਰੰਪਰਾ ਦਾ ਕੀ ਬਣੂ?’’
‘‘ਸ਼ਹਿਰੀਏ ਨੂੰ ਪੁੱਛੋ ਕੀ ਆਖਦਾ ਹੈ?’’
‘‘ਮੈਂ ਕੀ ਆਖਣਾ, ਜੇ ਲੋਕਾਂ ਨੂੰ ਇੰਜ ਹੀ ਮੁਫ਼ਤ ਸਹੂਲਤਾਂ ਮਿਲਦੀਆਂ ਰਹੀਆਂ ਤਾਂ ਉਹ ਮਿਹਨਤ ਕਰਕੇ ਖਾਣਾ ਕਮਾਉਣਾ ਭੁੱਲ ਜਾਣਗੇ। ਮੈਂ ਤੁਹਾਨੂੰ ਇਕ ਪਾਲਤੂ ਸ਼ੇਰ ਦੀ ਕਹਾਣੀ ਸੁਣਾਉਨੈਂ। ਉਹ ਪਿੰਜਰੇ ਵਿਚ ਸੀ, ਹਰ ਰੋਜ਼ ਉਸ ਨੂੰ ਰੱਜਵਾਂ ਗੋਸਤ ਮਿਲਦਾ ਸੀ, ਜੰਗਲ ਵਿਚ ਉਹ ਆਪ ਸ਼ਿਕਾਰ ਮਾਰ ਕੇ ਖਾਂਦਾ ਹੁੰਦਾ ਸੀ, ਪਰ ਪਿੰਜਰੇ ਵਿਚ ਬੈਠੇ-ਬਿਠਾਇਆ ਗੋਸ਼ਤ ਮਿਲਦਾ ਸੀ। ਕਈ ਸਾਲ ਲੰਘ ਗਏ, ਉਹ ਭੁੱਲ ਹੀ ਗਿਆ, ਸ਼ਿਕਾਰ ਕਿਵੇਂ ਕਰੀਦਾ ਹੈ। ਸਰਕਸਾਂ ਦੇ ਕੰਮ ਘਟ ਗਏ। ਉਹ ਸਰਕਸ ਵਾਲੇ ਸ਼ੇਰ ਨੂੰ ਜੰਗਲ ਵਿਚ ਛੱਡ ਆਏ। ਕਹਿੰਦੇ ਨੇ ਸ਼ੇਰ ਨੂੰ ਜੰਗਲੀ ਕੁੱਤਿਆਂ ਨੇ ਹੀ ਘੇਰ ਕੇ ਪਾੜ ਦਿੱਤਾ। ਇਹ ਮੁਫ਼ਤ ਦੀਆਂ ਸਹੂਲਤਾਂ ਦੇਣ ਵਾਲੇ ਵੀ ਸਾਨੂੰ ਪਿੰਜਰੇ ਦੇ ਸ਼ੇਰ ਬਣਾ ਰਹੇ ਨੇ। ਜੇ ਇਹੀ ਹਾਲ ਰਿਹਾ, ਅਸੀਂ ਤਾਂ ਕਿਰਤ ਕਰਕੇ ਖਾਣ ਦੀ ਜੀਵਨ ਜਾਚ ਹੀ ਭੁੱਲ ਜਾਵਾਂਗੇ। ’’
‘‘ਬਿਲਕੁਲ ਸਹੀ ਗੱਲ ਹੈ, ਮੈਂ ਸਹਿਮਤ ਹਾਂ।’’ ਪ੍ਰਿੰਸੀਪਲ ਬੋਲਿਆ।
‘‘ਇਕ ਕਹਾਵਤ ਹੈ, ਲੋਕਾਂ ਨੂੰ ਮੱਛੀਆਂ ਦਾਨ ਕਰਨ ਨਾਲੋਂ ਚੰਗਾ ਹੈ, ਉਨ੍ਹਾਂ ਨੂੰ ਮੱਛੀਆਂ ਫੜਨਾ ਸਿਖਾਓ...। ਪਰ ਇੱਥੇ ਉਲਟ ਹੋ ਰਿਹਾ ਹੈ, ਮੱਛੀਆਂ ਫੜਨ ਵਾਲਿਆਂ ਤੋਂ ਮੁਫ਼ਤ ਮੱਛੀਆਂ ਵੰਡ ਕੇ ਆਲਸੀ ਅਤੇ ਨਿਕੰਮੇ ਬਣਾਇਆ ਜਾ ਰਿਹਾ ਹੈ।’’ ਸੱਥ ਵਾਲੇ ਸਾਰੇ ਮੇਰੇ ਵੱਲ ਹੈਰਾਨੀ ਨਾਲ ਵੇਖਣ ਲੱਗੇ।
ਥੋੜ੍ਹੀ ਦੇਰ ਬਾਅਦ ਬਾਬਾ ਬੋਲਿਆ, ‘‘ਆਹ ਗੱਲਾਂ ਸੁਣ ਕੇ ਤਾਂ ਮੈਂ ਫੈਸਲਾ ਕਰ ਲਿਐ, ਮੁਫ਼ਤ ਦੀ ਤੀਰਥ ਯਾਤਰਾ ਨ੍ਹੀਂ ਕਰਨੀ, ਅੱਜ ਹੀ ਜਾ ਕੇ ਸਫ਼ਰੀ ਬੈਗ ਵਿਹਲਾ ਕਰ ਦੇਣਾ। ਸ਼ਹਿਰੀਆ ਆਉਂਦਾ ਜਾਂਦਾ ਰਿਹਾ ਕਰ, ਚੰਗਾ ਲੱਗਦੈ।’’ ਤੇ ਮੈਂ ਆਪਣਾ ਘਰ ਵੇਖਣ ਤੁਰ ਗਿਆ।
ਸੰਪਰਕ: 98147-83069

Advertisement
Author Image

Advertisement
Advertisement
×