ਰਸ਼ਮਿਕਾ ਨੇ ਜ਼ੀਲ ਦੇਸਾਈ ਨੂੰ ਹਰਾ ਕੇ ਪਹਿਲਾ ਆਈਟੀਐੱਫ ਖਿਤਾਬ ਜਿੱਤਿਆ
ਬੰਗਲੂਰੂ: ਮੌਜੂਦਾ ਕੌਮੀ ਚੈਂਪੀਅਨ ਰਸ਼ਮਿਕਾ ਭਾਮੀਦੀਪਤੀ ਨੇ ਅੱਜ ਇੱਥੇ ਮਹਿਲਾ ਵਿਸ਼ਵ ਟੈਨਿਸ ਟੂਰ ਦੇ ਫਾਈਨਲ ਵਿੱਚ ਜ਼ੀਲ ਦੇਸਾਈ ਨੂੰ ਹਰਾ ਕੇ ਪਹਿਲਾਂ ਆਈਟੀਐੱਫ ਖਿਤਾਬ ਆਪਣੇ ਨਾਂ ਕੀਤਾ। ਭਾਰਤੀ ਖਿਡਾਰੀਆਂ ਦਰਮਿਆਨ ਫਾਈਨਲ ਵਿੱਚ ਰਸ਼ਮਿਕਾ ਨੇ 6-0, 4-6, 6-3 ਦੀ ਜਿੱਤ ਸਦਕਾ 3935 ਡਾਲਰ ਦੀ ਇਨਾਮੀ ਰਾਸ਼ੀ ਅਤੇ 50 ਡਬਲਿਊਟੀਏ ਅੰਕ ਆਪਣੀ ਝੋਲੀ ਪਾਏ। ਜ਼ੀਲ ਦੇਸਾਈ ਨੂੰ 2107 ਡਾਲਰ ਅਤੇ 30 ਡਬਲਿਊਟੀਏ ਅੰਕ ਹਾਸਲ ਹੋਏ। ਰਸ਼ਮਿਕਾ ਨੇ ਦੇਸਾਈ ਦੀਆਂ ਗਲਤੀਆਂ ਦਾ ਲਾਹਾ ਲੈਂਦਿਆਂ ਪਹਿਲਾ ਸੈੱਟ ਸੌਖਿਆ ਹੀ 6-0 ਨਾਲ ਜਿੱਤ ਲਿਆ ਪਰ ਦੇਸਾਈ ਨੇ ਵਾਪਸੀ ਕਰਦਿਆਂ ਦੂਜੇ ਸੈੱਟ ਤੋਂ ਪਹਿਲਾ ਗੇਮ ਵਿੱਚ ਵਿਰੋਧੀ ਦੀ ਸਰਵਿਸ ਤੋੜ ਦਿੱਤੀ। ਉਧਰ ਰਸ਼ਮਿਕਾ ਵੀ ਆਸਾਨੀ ਨਾਲ ਪਿੱਛੇ ਹਟਣ ਵਾਲਿਆਂ ਵਿੱਚੋਂ ਨਹੀਂ ਸੀ, ਉਸ ਨੇ ਚੌਥੇ ਅਤੇ ਪੰਜਵੇਂ ਗੇਮ ਵਿੱਚ ਸਰਵਿਸ ਜਾਰੀ ਰੱਖਦਿਆਂ 3-2 ਨਾਲ ਲੀਡ ਬਣਾਈ। ਦੇਸਾਈ ਨੇ ਮੁੜ ਵਾਪਸੀ ਕਰਦਿਆਂ ਲਗਾਤਾਰ ਤਿੰਨ ਗੇਮ ਜਿੱਤ ਕੇ ਸੈੱਟ 6-4 ਨਾਲ ਹਾਸਲ ਕੀਤਾ। ਫ਼ੈਸਲਾਕੁੰਨ ਸੈੱਟ ਵਿੱਚ ਦੇਸਾਈ 0-3 ਨਾਲ ਪੱਛੜ ਰਹੀ ਸੀ ਅਤੇ ਉਸ ਨੂੰ ਹਵਾ ਕਾਰਨ ਸਰਵਿਸ ’ਚ ਪ੍ਰੇਸ਼ਾਨੀ ਹੋ ਰਹੀ ਸੀ। ਰਸ਼ਮਿਕਾ ਨੇ ਆਪਣੇ ਫੋਰਹੈੱਡ ਦੀ ਚੰਗੀ ਵਰਤੋਂ ਕਰਦਿਆਂ ਸ਼ਾਨਦਾਰ ਕਰਾਸ ਕੋਰਟ ਸ਼ਾਟ ਖੇਡੇ, ਜਿਸ ਦਾ ਦੇਸਾਈ ਕੋਲ ਕੋਈ ਜਵਾਬ ਨਹੀਂ ਸੀ। -ਪੀਟੀਆਈ