ਪੀਏਯੂ ’ਚ ਪੌਦਿਆਂ ਦੀਆਂ ਦੁਰਲੱਭ ਕਿਸਮਾਂ ਦੀ ਕੀਤੀ ਜਾਵੇਗੀ ਸੰਭਾਲ
ਖੇਤਰੀ ਪ੍ਰਤੀਨਿਧ
ਲੁਧਿਆਣਾ, 12 ਜੁਲਾਈ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੋਟੈਨੀਕਲ ਗਾਰਡਨ ਨੂੰ ਵਾਈਸ-ਚਾਂਸਲਰ ਡਾ. ਸਤਬਿੀਰ ਸਿੰਘ ਗੋਸਲ ਵੱਲੋਂ ਸ਼ੁਰੂ ਕੀਤੀ ਗਈ ‘ਕਲੀਨ ਐਂਡ ਗ੍ਰੀਨ ਕੈਂਪਸ ਡਰਾਈਵ’ ਤਹਿਤ ਮੁੜ ਸੁਰਜੀਤ ਕੀਤਾ ਜਾਵੇਗਾ। ਬਾਗ ਵਿੱਚ ਪੌਦਿਆਂ ਦੀ ਇੱਕ ਭਰਪੂਰ ਕਿਸਮਾਂ ਹਨ। ਇਨ੍ਹਾਂ ਵਿੱਚ ਬੇਹੱਦ ਕੀਮਤੀ ਚਿਕਿਤਸਕ, ਖੁਸ਼ਬੂਦਾਰ ਅਤੇ ਮਸਾਲੇ ਵਾਲੇ ਪੌਦੇ ਸ਼ਾਮਲ ਹਨ। ਇਸ ਬਾਗ ਵਿੱਚ 50 ਤੋਂ ਵੱਧ ਕਿਸਮਾਂ ਦੇ ਨਾਲ ਕੈਕਟਸ ਦਾ ਇੱਕ ਵੱਡਾ ਭੰਡਾਰ ਵੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਾਗ ਦੀ ਪੁਨਰ-ਸੁਰਜੀਤੀ ਤਹਿਤ ਇਸ ਵਿੱਚ ਨਵੀਆਂ ਕਿਸਮਾਂ ਨੂੰ ਸ਼ਾਮਲ ਕੀਤਾ ਜਾਵੇਗਾ। ਮੌਜੂਦਾ ਸਮੇਂ ਜੋ ਕਿਸਮਾਂ ਹਨ ਉਹਨਾਂ ਨੂੰ ਸੰਭਾਲਿਆ ਜਾਵੇਗਾ। ਹਰੇਕ ਪੌਦੇ ਲਈ ਇੱਕ ਟੈਗਿੰਗ ਅਤੇ ਕੋਡਿੰਗ ਪ੍ਰਣਾਲੀ ਲਾਗੂ ਕੀਤੀ ਜਾਵੇਗੀ। ਜੋ ਪੌਦੇ ਦੁਰਲੱਭ ਅਤੇ ਖਤਰੇ ਵਾਲੀਆਂ ਪ੍ਰਜਾਤੀਆਂ ਵਿੱਚ ਆਉਂਦੇ ਹਨ, ਉਹਨਾਂ ਦੀ ਸੰਭਾਲ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਵਾਈਸ ਚਾਂਸਲਰ ਡਾ. ਸਤਬਿੀਰ ਸਿੰਘ ਗੋਸਲ ਨੇ ਅੱਜ ਬਨਸਪਤੀ, ਜੰਗਲਾਤ, ਫਲੋਰੀਕਲਚਰ ਅਤੇ ਲੈਂਡਸਕੇਪਿੰਗ ਦੇ ਨਾਲ-ਨਾਲ ਅਸਟੇਟ ਆਰਗੇਨਾਈਜੇਸਨ ਦੇ ਅਧਿਕਾਰੀਆਂ ਅਤੇ ਮੁੱਖ ਇੰਜੀਨੀਅਰ ਦੇ ਮਾਹਿਰਾਂ ਨਾਲ ਗੱਲਬਾਤ ਦੌਰਾਨ ਇਸ ਗੱਲ ’ਤੇ ਜੋਰ ਦਿੱਤਾ ਕਿ ਬੋਟੈਨੀਕਲ ਗਾਰਡਨ ਦੇ ਪੁਨਰ-ਨਿਰਮਾਣ ਯੂਨੀਵਰਸਿਟੀ ਦੀ ਸਥਿਰਤਾ ਲਈ ਬੇਹੱਦ ਲਾਜ਼ਮੀ ਕਦਮ ਹੈ।