ਸ਼ਹੀਦਾਂ ਬਾਰੇ ਦੁਰਲੱਭ ਜਾਣਕਾਰੀ
ਗੁਰਦੇਵ ਸਿੰਘ ਸਿੱਧੂ
ਅਮਰੀਕਾ ਵਿੱਚ ਸਿੱਖਿਆ ਪ੍ਰਾਪਤੀ ਵਾਸਤੇ ਗਏ ਭਾਈ ਸੰਤੋਖ ਸਿੰਘ ਨੂੰ ਸਟਾਕਟਨ ਨੇੜੇ ਭਾਈ ਵਿਸਾਖਾ ਸਿੰਘ ਅਤੇ ਭਾਈ ਜੁਆਲਾ ਸਿੰਘ ਦੇ ਹੋਲਟ ਫਾਰਮ, ਜਿਸ ਨੂੰ ਪੰਜਾਬੀ ਪਰਵਾਸੀ ‘ਭਾਈਆਂ ਦਾ ਡੇਰਾ’ ਕਹਿੰਦੇ ਸਨ, ਵਿੱਚ ਰਹਿੰਦਿਆਂ ਦੇਸ਼ਭਗਤੀ ਦੀ ਅਜਿਹੀ ਲਗਨ ਲੱਗੀ ਕਿ ਉਸ ਨੇ ਆਪਣਾ ਜੀਵਨ ਹੀ ਦੇਸ਼ ਸੇਵਾ ਨੂੰ ਅਰਪਣ ਕਰ ਦਿੱਤਾ। ਜਨ ਸਾਧਾਰਨ ਨੂੰ ਰਾਜਸੀ ਪੱਖੋਂ ਜਾਗ੍ਰਿਤ ਕਰਕੇ ਆਜ਼ਾਦੀ ਦੀ ਲਹਿਰ ਵਿੱਚ ਭਾਈਵਾਲ ਬਣਾਉਣ ਵਿੱਚ ‘ਗਦਰ’ ਅਖ਼ਬਾਰ ਦੀ ਭੂਮਿਕਾ ਤੋਂ ਜਾਣੂ ਭਾਈ ਸੰਤੋਖ ਸਿੰਘ ਨੇ ਪੰਜਾਬ ਆ ਕੇ ਸਮਾਜਵਾਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਸਤੇ ‘ਕਿਰਤੀ’ ਮਾਸਿਕ ਪੱਤਰ ਸ਼ੁਰੂ ਕੀਤਾ। ਭਾਈ ਸੰਤੋਖ ਸਿੰਘ ਦਾ ਮੰਨਣਾ ਸੀ ਕਿ ਕੌਮੀ ਪਰਵਾਨਿਆਂ ਦੀਆਂ ਕਰਨੀਆਂ ਨੂੰ ਜਾਣਬੁੱਝ ਕੇ ਦਬਾਇਆ ਜਾਂ ਗ਼ਲਤ ਰੰਗ ਵਿੱਚ ਪੇਸ਼ ਕੀਤਾ ਗਿਆ ਹੈ, ਇਸ ਲਈ ‘ਕਿਰਤੀ (ਰਸਾਲਾ) ਦੁੱਖਾਂ ਦੇ ਇਤਿਹਾਸ ਦੇ ਇਸ ਭੁੱਲੇ ਹੋਏ ਪੰਨੇ ਤੇ ਕੁਝ ਚਾਨਣਾ ਪਾਏਗਾ’। ਇਸ ਮਨੋਰਥ ਦੀ ਪੂਰਤੀ ਹਿਤ ਕਿਰਤੀ ਵਿੱਚ ਸੁਤੰਤਰਤਾ ਸੰਗਰਾਮ ਦੌਰਾਨ ਜਾਨ ਦੀ ਆਹੂਤੀ ਪਾਉਣ ਵਾਲੇ ਸ਼ਹੀਦਾਂ ਦੀਆਂ ਜੀਵਨੀਆਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀਆਂ ਗਈਆਂ। 1927 ਵਿੱਚ ਭਾਈ ਸੰਤੋਖ ਸਿੰਘ ਦਾ ਦੇਹਾਂਤ ਹੋਣ ਪਿੱਛੋਂ ਕਿਰਤੀ ਦੇ ਅਗਲੇ ਸੰਪਾਦਕਾਂ ਨੇ ਇਸ ਅਮਲ ਨੂੰ ਜਾਰੀ ਰੱਖਿਆ। ਕਿਰਤੀ ਦੇ ਵਿਭਿੰਨ ਅੰਕਾਂ ਵਿੱਚ ਛਪੀਆਂ ਇਨ੍ਹਾਂ ਜੀਵਨੀਆਂ ਨੂੰ ਚਰੰਜੀ ਲਾਲ ਕੰਗਣੀਵਾਲ ਨੇ ਸ਼ਹੀਦੀ ਜੀਵਨੀਆਂ (ਕੀਮਤ: 250 ਰੁਪਏ; ਪ੍ਰਕਾਸ਼ਕ: ਦੇਸ਼ ਭਗਤ ਪ੍ਰਕਾਸ਼ਨ, ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ) ਨਾਂ ਹੇਠ ਸੰਪਾਦਿਤ ਕੀਤਾ ਹੈ।
ਇਹ ਪੁਸਤਕ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਮਾਸਿਕ ਕਿਰਤੀ ਵਿੱਚ ਪ੍ਰਕਾਸ਼ਿਤ ਸਮੱਗਰੀ ਨੂੰ ਸਾਂਭਣ ਦੇ ਪ੍ਰਾਜੈਕਟ ਦਾ ਹਿੱਸਾ ਹੈ। ਕਿਰਤੀ ਵਿੱਚ ਛਪੀਆਂ ਕਵਿਤਾਵਾਂ ਦਾ ਅਮੋਲਕ ਸਿੰਘ ਦੁਆਰਾ ਸੰਪਾਦਿਤ ਸੰਗ੍ਰਹਿ ‘ਕਿਰਤੀ ਕਾਵਿ’ ਪੇਸ਼ ਕੀਤਾ ਜਾ ਚੁੱਕਾ ਹੈ। ਕਿਰਤੀ ਵਿੱਚ ਛਪੇ ਵਾਰਤਕ ਲੇਖਾਂ ਦੀ ਸਮੱਗਰੀ ਵੱਡੀ ਹੋਣ ਕਾਰਨ ਇਸ ਨੂੰ ਇਕੱਠਿਆਂ ਛਾਪਣ ਦੀ ਥਾਂ ਦੋ ਭਾਗਾਂ ਵਿੱਚ ਵੰਡ ਕੇ ਛਾਪਣ ਦੀ ਯੋਜਨਾ ਅਧੀਨ ਜੀਵਨੀ ਸਾਹਿਤ ਪਹਿਲੇ ਭਾਗ ਵਜੋਂ ਤਿਆਰ ਕੀਤਾ ਗਿਆ ਹੈ। ਪੁਸਤਕ ਦੇ ਸਿਰਲੇਖ ਵਿੱਚ ‘ਕਿਰਤੀ ਵਾਰਤਕ ਭਾਗ ਪਹਿਲਾ’ ਲਿਖ ਕੇ ਇਸ ਨੂੰ ਸਪਸ਼ਟ ਕੀਤਾ ਗਿਆ ਹੈ।
ਪੁਸਤਕ ‘ਸ਼ਹੀਦੀ ਜੀਵਨੀਆਂ’ ਵਿੱਚ ਕਿਰਤੀ ਦੇ ਅੰਕ ਅਕਤੂਬਰ 1926 ਤੋਂ ਅਕਤੂਬਰ 1929 ਦਰਮਿਆਨ ਛਪੀਆਂ 29 ਜੀਵਨੀਆਂ ਸ਼ਾਮਲ ਹਨ, ਮੌਲਵੀ ਬਰਕਤੁੱਲਾ ਬਾਰੇ ਦੋ ਲੇਖ ਹਨ। ਜੀਵਨੀਆਂ ਦੀ ਚੋਣ ਇਸ ਤੱਥ ਦੀ ਗਵਾਹੀ ਭਰਦੀ ਹੈ ਕਿ ਗਦਰ ਪਾਰਟੀ ਦੀ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਕਿਰਤੀ ਦੇ ਸੰਚਾਲਕ ਜਾਤ, ਧਰਮ, ਖੇਤਰ ਆਦਿ ਦੇ ਵਿਤਕਰਿਆਂ ਤੋਂ ਉੱਪਰ ਉੱਠ ਕੇ ਦੇਸ਼ ਨੂੰ ਗ਼ੁਲਾਮੀ ਦੇ ਸ਼ਿਕੰਜੇ ਵਿੱਚੋਂ ਮੁਕਤ ਕਰਵਾਉਣ ਵਾਸਤੇ ਕੁਰਬਾਨੀ ਦੇਣ ਵਾਲੇ ਸਭਨਾਂ ਸ਼ਹੀਦਾਂ ਦਾ ਇੱਕ ਸਮਾਨ ਸਤਿਕਾਰ ਕਰਦੇ ਸਨ। ਸ਼ਹੀਦਾਂ ਦੇ ਜਥੇਬੰਦਕ ਪਿਛੋਕੜ ਬਾਰੇ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਬੇਸ਼ੱਕ ਬਹੁਗਿਣਤੀ ਗਦਰ ਪਾਰਟੀ ਦੇ ਝੰਡੇ ਹੇਠ ਸ਼ਹੀਦ ਹੋਇਆਂ ਦੀ ਹੈ, ਪਰ ਭਾਈ ਨੰਦ ਸਿੰਘ, ਸੂਫੀ ਅੰਬਾ ਪ੍ਰਸਾਦ, ਮੰਗਲ ਪਾਂਡੇ ਕ੍ਰਮਵਾਰ ਬਬਰ ਅਕਾਲੀ, ਪਗੜੀ ਸੰਭਾਲ, 1857 ਦੇ ਗਦਰ ਨਾਲ ਸਬੰਧਿਤ ਹਨ। ਬਹੁਤੇ ਲੇਖ ਪੰਜਾਬ ਦੇ ਸ਼ਹੀਦਾਂ ਬਾਰੇ ਹਨ, ਪਰ ਸੰਯੁਕਤ ਪ੍ਰਾਂਤਾਂ, ਮਹਾਰਾਸ਼ਟਰ ਪਿਛੋਕੜ ਵਾਲੇ ਸ਼ਹੀਦ ਕ੍ਰਮਵਾਰ ਸ੍ਰੀ ਰਾਮ ਪ੍ਰਸਾਦ ਅਤੇ ਤਾਂਤੀਆ ਟੋਪੇ ਵੀ ਯਾਦ ਕੀਤੇ ਗਏ ਹਨ। ਗਦਰ ਪਾਰਟੀ ਅਤੇ ਪੰਜਾਬ ਨਾਲ ਸੰਬੰਧਿਤ ਹੋਣ ਕਾਰਨ ਵਧੇਰੇ ਸ਼ਹੀਦ ਸਿੱਖ ਧਰਮ ਨੂੰ ਮੰਨਣ ਵਾਲੇ ਹਨ, ਪਰ ਹਿੰਦੂ ਭਾਈ ਦੇਵੀ ਦਿਆਲ, ਭਾਈ ਬਾਲ ਮੁਕੰਦ ਵੀ ਹਨ ਅਤੇ ਇਸਲਾਮ ਨੂੰ ਮੰਨਣ ਵਾਲੇ ਸੂਫੀ ਅੰਬਾ ਪ੍ਰਸਾਦ ਵੀ।
ਭਾਈ ਬਲਵੰਤ ਸਿੰਘ ਦੀ ਜੀਵਨੀ ਵਿੱਚ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਇੱਕ ਪੁੱਤਰ ਅਤੇ ਦੋ ਧੀਆਂ ਸਨ। ਇਉਂ ਹੀ ਭਾਈ ਭਾਗ ਸਿੰਘ ਦਾ ਇੱਕ ਪੁੱਤਰ ਸੀ। ਸੰਪਾਦਕ ਪਦ-ਟਿੱਪਣੀਆਂ ਦੇ ਰੂਪ ਵਿੱਚ ਇਨ੍ਹਾਂ ਸ਼ਹੀਦਾਂ ਦੇ ਵੰਸ਼ਜਾਂ ਬਾਰੇ ਜਾਣਕਾਰੀ ਨੂੰ ਵਰਤਮਾਨ ਤੱਕ ਦਰਜ ਕਰ ਦਿੰਦਾ ਤਾਂ ਵਧੇਰੇ ਸਲਾਹੁਣਯੋਗ ਹੁੰਦਾ। ਪੁਸਤਕ ਦੇ ਪੰਨਾ 54 ਅਤੇ 113 ਉੱਤੇ ਸੰਬੰਧਿਤ ਲੇਖ ਨਾਲ ਤਸਵੀਰ ਛਾਪੇ ਜਾਣ ਦਾ ਜ਼ਿਕਰ ਹੈ ਪਰ ਤਸਵੀਰਾਂ ਨਹੀਂ ਛਪੀਆਂ। ‘ਪਹਿਲਾਂ ਪਹਿਲਾਂ ਇਹ ਅਖਬਾਰ (ਗਦਰ) ਗੁਰਮੁਖੀ ਵਿੱਚ ਛਪਦਾ ਸੀ’ (ਪੰਨਾ 70), ‘ਕੌਮਾਗਾਟਾ ਮਾਰੂ ਜਦ ਅਮਰੀਕਾ ਤੋਂ ਵਾਪਸ ਮੋੜ ਦਿੱਤਾ ਗਿਆ’ (ਪੰਨਾ 72), ‘ਸਰਦਾਰ ਕਰਤਾਰ ਸਿੰਘ ਜੀ ਦੋ ਹੋਰ ਸਾਥੀਆਂ ਸਮੇਤ ਹਵਾਈ ਜਹਾਜ਼ ਵਿਚ ਚੜ੍ਹਕੇ ਕੋਬੇ ਜਾਪਾਨ ਆਏ ਸਨ’ (ਪੰਨਾ 72) ਆਦਿ ਅਪੁਸ਼ਟ ਜਾਣਕਾਰੀ ਨੂੰ ਪਦ-ਟਿੱਪਣੀਆਂ ਵਿੱਚ ਸੋਧਿਆ ਜਾਣਾ ਬਣਦਾ ਸੀ। ਵਧੇਰੇ ਜੀਵਨੀਆਂ ਸ਼ਹੀਦੀ ਘਟਨਾ ਵਾਪਰਨ ਤੋਂ ਛੇਤੀ ਪਿੱਛੋਂ ਲਿਖੀਆਂ ਗਈਆਂ ਹੋਣ ਕਾਰਨ ਇਨ੍ਹਾਂ ਵਿੱਚ ਅਜਿਹੀ ਮੁੱਲਵਾਨ ਜਾਣਕਾਰੀ ਮਿਲਦੀ ਹੈ ਜੋ ਲਿਖਤ ਵਿੱਚ ਨਾ ਲਿਆਂਦੀ ਜਾਂਦੀ ਤਾਂ ਸਮੇਂ ਦੀ ਧੂੜ ਹੇਠ ਦੱਬ ਜਾਣੀ ਸੀ।
ਸੰਪਰਕ: 94170-49417