ਕਰਨ ਔਜਲਾ ਨਾਲ ਸਟੇਜ ’ਤੇ ਪੁੱਜਿਆ ਰੈਪਰ ਹਨੂਮਾਨਕਾਈਂਡ
ਮੁੰਬਈ: ਰੈਪਰ ਅਤੇ ਗਾਇਕ ਹਨੂਮਾਨਕਾਈਂਡ ਨੇ ਬੰਗਲੂਰੂ ਵਿੱਚ ਪੰਜਾਬੀ ਗਾਇਕ ਕਰਨ ਔਜਲਾ ਨੇ ਦੇ ‘ਇਟ ਵਾਜ਼ ਆਲ ਏ ਡਰੀਮ’ ਟੂਰ ਤਹਿਤ ਸ਼ੋਅ ਦੌਰਾਨ ਔਜਲਾ ਨਾਲ ਸਟੇਜ ਸਾਂਝੀ ਕੀਤੀ। ਗਾਇਕ ਔਜਲਾ ਨੇ ਪਿਛਲੇ ਦਿਨੀਂ ਦੇਸ਼ ਭਰ ਵਿੱਚ ਸੰਗੀਤਕ ਟੂਰ ਕੀਤਾ। ਬੰਗਲੂਰੂ ਵਿੱਚ ਇਸ ਸ਼ੋਅ ਦੌਰਾਨ ਕਰੀਬ 20,000 ਦਰਸ਼ਕ ਪੁੱਜੇ ਹੋਏ ਸਨ। ਇਸ ਦੌਰਾਨ ਗਾਇਕ ਔਜਲਾ ਨੇ ‘ਸੌਫਟਲੀ’, ‘ਪਲੇਅਰਜ਼’, ‘ਤੌਬਾ ਤੌਬਾ’ ਆਦਿ ਗੀਤਾਂ ਨਾਲ ਰੰਗ ਬੰਨ੍ਹਿਆ। ਇਸ ਮੌਕੇ ਜਦੋਂ ਤੱਕ ਕਰਨ ਔਜਲਾ ਆਪਣੇ ਗੀਤ ਗਾਉਂਦਾ ਰਿਹਾ, ਦਰਸ਼ਕ ਵੀ ਉਸ ਦੇ ਗੀਤਾਂ ਦਾ ਆਨੰਦ ਮਾਣਦੇ ਹੋਏ ਨੱਚਦੇ ਰਹੇ। ਇਸ ਮਗਰੋਂ ਉਸ ਨੇ ਰੈਪਰ ਹਨੂਮਾਨਕਾਈਂਡ ਨਾਲ ਰਲ ਕੇ ਗੀਤ ਗਾਏ। ਗਾਇਕ ਕਰਨ ਔਜਲਾ ਨੇ ਕਿਹਾ ਕਿ ਉਹ ਇੱਥੇ ਦਰਸ਼ਕਾਂ ਵੱਲੋਂ ਮਿਲੇ ਪਿਆਰ ਲਈ ਉਨ੍ਹਾਂ ਦਾ ਧੰਨਵਾਦੀ ਹੈ। ਉਸ ਨੇ ਰੈਪਰ ਹਨੂਮਾਨਕਾਈਂਡ ਵੱਲੋਂ ਸਟੇਜ ਸਾਂਝੀ ਕੀਤੇ ਜਾਣ ’ਤੇ ਉਸ ਦਾ ਵੀ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਦਰਸ਼ਕਾਂ ਵੱਲੋਂ ਮਿਲੇ ਪਿਆਰ ਅਤੇ ਉਨ੍ਹਾਂ ਨਾਲ ਸਿੱੱਧਾ ਰਾਬਤਾ ਬਣਨ ਨਾਲ ਹੀ ਇਹ ਸ਼ੋਅ ਖ਼ਾਸ ਬਣਿਆ ਹੈ। ਔਜਲਾ ਨੇ ਕਿਹਾ ਕਿ ਉਸ ਦੇ ਵੱਖ-ਵੱਖ ਅੱਠ ਸ਼ਹਿਰਾਂ ਵਿੱਚ ਹੋਏ ਸ਼ੋਅ ਉਸ ਦੇ ਇੱਕ ਛੋਟੇ ਜਿਹੇ ਸ਼ਹਿਰ ਤੋਂ ਉੱਠ ਕੇ ਕੌਮਾਂਤਰੀ ਪੱਧਰ ’ਤੇ ਖੱਟੀ ਪ੍ਰਸਿੱਧੀ ਦਾ ਜਸ਼ਨ ਸਨ। ਕਰਨ ਦਾ ਇਹ ਸ਼ੋਅ ਸਫ਼ਲ ਰਿਹਾ। ਇਸ ਦੌਰਾਨ ਗਾਇਕ ਦਾ ਪ੍ਰਦਰਸ਼ਨ ਅਤੇ ਦਰਸ਼ਕਾਂ ਦਾ ਉਤਸ਼ਾਹ ਕਮਾਲ ਦਾ ਸੀ। ਉਸ ਨੇ ਆਪਣੀ ਸਫਲਤਾ ਲਈ ਆਪਣੇ ਮਾਪਿਆਂ ਅਤੇ ਪਰਮਾਤਮਾ ਦਾ ਧੰਨਵਾਦ ਕੀਤਾ। -ਆਈਏਐੱਨਐੱਸ