ਦਸ ਘੰਟਿਆਂ ਵਿੱਚ ਫਰਾਂਸ ਤੋਂ ਅੰਬਾਲਾ ਪੁੱਜਣਗੇ ਰਾਫ਼ੇਲ
ਟ੍ਰਬਿਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਜੁਲਾਈ
ਪੰਜ ਰਾਫੇਲ ਲੜਾਕੂ ਜਹਾਜ਼ਾਂ ਦੀ ਪਹਿਲੀ ਸਕੂਐਡਰਨ ਨੇ ਸੋਮਵਾਰ ਨੂੰ ਫਰਾਂਸ ਤੋਂ ਭਾਰਤ ਲਈ ਉਡਾਣ ਭਰੀ। ਇਹ ਜਹਾਜ਼ ਭਾਰਤੀ ਹਵਾਈ ਫੌਜ ਦੇ ਪਾਇਲਟਾਂ ਵੱਲੋਂ ਉਡਾਏ ਜਾ ਰਹੇ ਹਨ। ਲਗਪਗ ਅੱਧੀ ਦੁਨੀਆ ਦਾ ਚੱਕਰ ਲਾ ਕੇ ਅੰਬਾਲਾ ਦੇ ਫੌਜੀ ਹਵਾਈ ਅੱਡੇ ਤਕ ਪੁੱਜਣ ਲਈ ਭਾਰਤ ਹਵਾਈ ਫੌਜ ਦੇ ਇਨ੍ਹਾਂ ਨਵੇਂ ਜੰਗੀ ਜਹਾਜ਼ਾਂ ਨੂੰ ਦਸ ਘੰਟੇ ਲੱਗਣਗੇੇ। ਇਸ ਦੌਰਾਨ ਉਹ 14 ਕਿਲੋਮੀਟਰ ਪ੍ਰਤੀ ਮਿੰਟ ਦੀ ਰਫ਼ਤਾਰ ਨਾਲ ਸਫ਼ਰ ਤੈਅ ਕਰਨਗੇ।
ਇੱਕ ਟਵੀਟ ਵਿੱਚ, ਫਰਾਂਸ ਵਿੱਚਲੇ ਭਾਰਤੀ ਸਫ਼ਾਰਤਖਾਨੇ ਨੇ ਕਿਹਾ: “ਬੋਨ ਵੌਏਜ: ਫਰਾਂਸ ਵਿੱਚ ਭਾਰਤੀ ਰਾਜਦੂਤ ਨੇ ਰਾਫੇਲ ਦੇ ਭਾਰਤੀ ਪਾਇਲਟਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੂੰ ਵਧਾਈ ਦਿੱਤੀ ਤੇ ਭਾਰਤ ਲਈ ਸੁਰੱਖਿਅਤ ਉਡਾਣ ਦੀ ਕਾਮਨਾ ਕੀਤੀ।’’ ਰਾਫੇਲ ਦੀ ਪਹਿਲੀ ਸਕੁੂਐਡਰਨ ਅੰਬਾਲਾ ਏਅਰ ਫੋਰਸ ਸਟੇਸ਼ਨ ’ਤੇ ਤਾਇਨਾਤ ਕੀਤੀ ਜਾਵੇਗੀ। ਇਹ ਹਵਾਈ ਅੱਡਾ ਰਣਨੀਤਕ ਤੌਰ ’ਤੇ ਕਾਫ਼ੀ ਅਹਿਮ ਮੰਨਿਆ ਜਾਂਦਾ ਹੈ। ਭਾਰਤ ਨੇ ਲਗਪਗ 58,000 ਕਰੋੜ ਰੁਪਏ ਮੁੱਲ ਦੇ 36 ਰਾਫੇਲ ਲੜਾਕੂ ਜਹਾਜ਼ਾਂ ਦੀ ਖਰੀਦ ਲਈ ਸਤੰਬਰ 2016 ਵਿਚ ਫਰਾਂਸ ਨਾਲ ਕਰਾਰ ਕੀਤਾ ਸੀ। ਇਹ ਜਹਾਜ਼ ਕਈ ਸ਼ਕਤੀਸ਼ਾਲੀ ਹਥਿਆਰ ਲਿਜਾਣ ਦੇ ਸਮਰੱਥ ਹੈ। ਹਵਾਈ ਫੌਜ ਨੇ ਲੜਾਕੂ ਜਹਾਜ਼ਾਂ ਦੇ ਸਵਾਗਤ ਲਈ ਲੋੜੀਂਦੇ ਬੁਨਿਆਦੀ ਢਾਂਚੇ ਦੀ ਉਸਾਰੀ ਦੇ ਨਾਲ ਨਾਲ ਪਾਇਲਟਾਂ ਦੀ ਸਿਖਲਾਈ ਸਮੇਤ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।