ਮਤਰੇਏ ਪਿਤਾ ਵੱਲੋਂ ਨਾਬਾਲਗ ਨਾਲ ਜਬਰ-ਜਨਾਹ
ਪੱਤਰ ਪ੍ਰੇਰਕ
ਜਲੰਧਰ, 6 ਸਤੰਬਰ
ਇੱਥੋਂ ਦੀ ਦਾਨਿਸ਼ਮੰਦਾ ਕਾਲੋਨੀ ਵਿੱਚ ਮਤਰੇਏ ਪਿਤਾ ਵੱਲੋਂ ਨਾਬਾਲਗ ਲੜਕੀ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੀ ਮਾਂ ਨੇ ਦੋਸ਼ ਲਾਇਆ ਹੈ ਕਿ ਜਿਸ ਵਿਅਕਤੀ ਨਾਲ ਉਸ ਦਾ ਦੂਜਾ ਵਿਆਹ ਹੋਇਆ ਹੈ, ਉਹ ਉਸ ਦੇ ਪਹਿਲੇ ਪਤੀ ਤੋਂ ਪੈਦਾ ਹੋਈ ਉਸ ਦੀ ਨਾਬਾਲਗ ਧੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਕਈ ਦਿਨਾਂ ਤੋਂ ਉਸ ਨੂੰ ਹਵਸ ਦਾ ਸ਼ਿਕਾਰ ਬਣਾ ਰਿਹਾ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ ਉਸ ਦੀ ਧੀ ਨੇ ਆਪਣੇ ਮਤਰੇਏ ਪਿਤਾ ਦੀਆਂ ਹਰਕਤਾਂ ਬਾਰੇ ਦੱਸਿਆ। ਲੜਕੀ ਦੀ ਮਾਂ ਨੇ ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ-5 ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਪੁਲੀਸ ਨੇ ਸ਼ਿਕਾਇਤ ਮਿਲਦੇ ਹੀ ਤੁਰੰਤ ਕਾਰਵਾਈ ਕਰਦੇ ਹੋਏ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜੇ ਤੱਕ ਪੁਲੀਸ ਨੇ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ। ਜਬਰ-ਜਨਾਹ ਦੀ ਪੁਸ਼ਟੀ ਲਈ ਨਾਬਾਲਗ ਲੜਕੀ ਦਾ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਜਾਵੇਗਾ। ਜਬਰ-ਜਨਾਹ ਦੀ ਮੈਡੀਕਲ ਪੁਸ਼ਟੀ ਹੋਣ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।