ਜਬਰ-ਜਨਾਹ ਮਾਮਲਾ: ਪਰਿਵਾਰ ਵੱਲੋਂ ਇਨਸਾਫ ਲਈ ਰੋਸ ਮੁਜ਼ਾਹਰਾ
ਸਤਪਾਲ ਰਾਮਗੜ੍ਹੀਆ/ਸਤਨਾਮ ਸਿੰਘ
ਪਿਹੋਵਾ/ਸ਼ਾਹਬਾਦ, 4 ਜੂਨ
ਗੁਰੂ ਨਾਨਕ ਕਲੋਨੀ ‘ਚ ਸ਼ੁੱਕਰਵਾਰ ਨੂੰ ਇਕ ਨਾਬਾਲਗ ਬੱਚੀ ਨਾਲ ਜਬਰ ਜਨਾਹ ਦੀ ਘਟਨਾ ਤੋਂ ਬਾਅਦ ਹਲਕੇ ਦੇ ਲੋਕਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬੱਚੀ ਦੇ ਪਰਿਵਾਰ ਵਾਲਿਆਂ ਨੇ ਮੁਲਜ਼ਮਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਨੂੰ ਲਈ ਮੇਨ ਚੌਕ ‘ਚ ਰੋਸ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਡੀਐੱਸਪੀ ਰਜਤ ਗੁਲੀਆ ਨੇ ਪ੍ਰੈੱਸ ਕਾਨਫਰੰਸ ਕਰ ਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦਾ ਖ਼ੁਲਾਸਾ ਕੀਤਾ। ਜਾਣਕਾਰੀ ਦਿੰਦਿਆਂ ਡੀਐਸਪੀ ਪਿਹੋਵਾ ਰਜਤ ਗੁਲੀਆ ਨੇ ਦੱਸਿਆ ਕਿ ਮੁਲਜ਼ਮ ਪਿੰਡ ਭਾਗਲ ਜ਼ਿਲ੍ਹਾ ਕੈਥਲ ਦਾ ਵਸਨੀਕ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ‘ਤੇ ਲਿਆ ਜਾਵੇਗਾ। ਇਸ ਤੋਂ ਬਾਅਦ ਰਾਜ ਮੰਤਰੀ ਸੰਦੀਪ ਸਿੰਘ ਗੁਰੂ ਨਾਨਕ ਕਲੋਨੀ ਪੁੱਜੇ ਅਤੇ ਲੜਕੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਰਾਜ ਮੰਤਰੀ ਨੇ ਡੀਐੱਸਪੀ ਰਜਤ ਗੁਲੀਆ ਅਤੇ ਐੱਸਐੱਚਓ ਸਿਟੀ ਕੁਲਦੀਪ ਸਿੰਘ ਨੂੰ ਮੌਕੇ ‘ਤੇ ਬੁਲਾ ਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ। ਰਾਜ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਕਲੋਨੀ ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਅਜਿਹੇ ਲੋਕਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਮਾਂ ਹੈ ਕਿ ਸਾਰਿਆਂ ਨੂੰ ਇਕਜੁੱਟ ਹੋ ਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ। ਉਨ੍ਹਾਂ ਨੇ ਆਪਣੇ ਸਹਾਇਕ ਨੂੰ ਬੱਚੀ ਦੇ ਇਲਾਜ ਲਈ ਪੀ.ਜੀ.ਆਈ ਚੰਡੀਗੜ੍ਹ ਭੇਜ ਕੇ ਮਦਦ ਲਈ ਤਾਇਨਾਤ ਕੀਤਾ। ਉਨ੍ਹਾਂ ਕਿਹਾ ਕਿ ਬੱਚੀ ਦੇ ਇਲਾਜ ਵਿੱਚ ਮਦਦ ਲਈ ਉਨ੍ਹਾਂ ਵੱਲੋਂ ਇੱਕ ਟੀਮ ਵੀ ਤਾਇਨਾਤ ਕੀਤੀ ਜਾਵੇਗੀ।