For the best experience, open
https://m.punjabitribuneonline.com
on your mobile browser.
Advertisement

ਜਬਰ-ਜਨਾਹ ਮਾਮਲਾ: ਪੀਐੱਸਯੂ ਵੱਲੋਂ ਕਾਲਜਾਂ ਵਿੱਚ ਪ੍ਰਦਰਸ਼ਨ

09:59 AM Apr 13, 2024 IST
ਜਬਰ ਜਨਾਹ ਮਾਮਲਾ  ਪੀਐੱਸਯੂ ਵੱਲੋਂ ਕਾਲਜਾਂ ਵਿੱਚ ਪ੍ਰਦਰਸ਼ਨ
ਬੇਨੜਾ ਦੇ ਸਰਕਾਰੀ ਕਾਲਜ ਵਿੱਚ ਧਰਨਾ ਦਿੰਦੇ ਹੋਏ ਵਿਦਿਆਰਥੀ।
Advertisement

ਹਰਦੀਪ ਸਿੰਘ ਸੋਢੀ
ਧੂਰੀ, 12 ਅਪਰੈਲ
ਇੱਥੋਂ ਦੇ ਸਰਕਾਰੀ ਕਾਲਜ ਵਿੱਚ ਇੱਕ ਵਿਦਿਆਰਥਣ ਨਾਲ ਵਾਪਰੀ ਜਬਰ ਜਨਾਹ ਦੀ ਘਟਨਾ ਦੇ ਵਿਰੋਧ ਵਿੱਚ ਧੂਰੀ ਦੇ ਸਰਕਾਰੀ ਕਾਲਜ ਬੇਨੜਾ ਵਿੱਚ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੁਲਜ਼ਮਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਇਸ ਸਬੰਧੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਸੁਖਦੀਪ ਹਥਨ, ਜ਼ਿਲ੍ਹਾ ਪ੍ਰਧਾਨ ਕਮਲਦੀਪ ਕੌਰ ਅਤੇ ਜ਼ਿਲ੍ਹਾ ਸਕੱਤਰ ਰਾਮਵੀਰ ਸਿੰਘ ਮੰਗਾ ਨੇ ਕਿਹਾ ਕਿ ਪਿਛਲੇ ਦਿਨਾਂ ਦੇ ਦੌਰਾਨ ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿੱਚ ਬੀਏ ਭਾਗ ਪਹਿਲਾ ਦੀ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਵਾਪਰੀ ਜੋ ਕਾਲਜ ਪ੍ਰਸ਼ਾਸਨ ਉੱਪਰ ਸਵਾਲ ਖੜੇ ਕਰਦੀ ਹੈ। ਆਗੂਆਂ ਕਿਹਾ ਕਿ ਕਾਲਜ ਵਿੱਚ ਦਿਨ ਦਿਹਾੜੇ ਵਾਪਰੀ ਇਸ ਘਟਨਾ ਨੇ ਕਾਲਜ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਉੱਪਰ ਵੀ ਸਵਾਲੀਆ ਚਿੰਨ੍ਹ ਲਾ ਦਿੱਤਾ ਹੈ। ਆਗੂਆਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਲੱਭ ਕੇ ਉਨ੍ਹਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮੁਲਜ਼ਮ ਜਲਦੀ ਨਾ ਫੜੇ ਗਏ ਤਾ ਉਹ ਅਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ। ਇਸ ਮੌਕੇ ਤਰਨਪ੍ਰੀਤ ਸਿੰਘ, ਰਮਨਦੀਪ ਕੌਰ ਰੱਜੀ, ਸ਼ਗਨਦੀਪ ਕੌਰ, ਮਨਪ੍ਰੀਤ ਕੌਰ, ਭਾਵਨਾ ਗੋਇਲ, ਲਵਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਕੋਮਲਪ੍ਰੀਤ ਸਿੰਘ, ਗੁਰਮਨਦੀਪ ਸਿੰਘ, ਬੌਬੀ ਆਦਿ ਵਿਦਿਆਰਥੀ ਸ਼ਾਮਿਲ ਸਨ।
ਸਮਾਣਾ (ਸੁਭਾਸ਼ ਚੰਦਰ): ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪੱਧਰੀ ਸੱਦੇ ਤਹਿਤ ਸਰਕਾਰੀ ਰਿਪੁਦਮਨ ਕਾਲਜ ਨਾਭਾ ਦੀ ਬੀ.ਏ. ਦੀ ਲੜਕੀ ਨਾਲ ਹੋਏ ਸਮੂਹਿਕ ਬਲਾਤਕਾਰ ਦੀ ਘਟਨਾ ਦੇ ਰੋਸ ਵਜੋਂ\ ਪਬਲਿਕ ਕਾਲਜ ਸਮਾਣਾ ਵਿੱਚ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਾਲਜ ਪ੍ਰੋਫੈਸਰ ਅਤੇ ਸਾਹਿਤ ਅਕਾਦਮੀ ਲੁਧਿਆਣਾ ਦੀ ਮੀਤ ਪ੍ਰਧਾਨ ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਪੰਜਾਬ ਦੇ ਵਿੱਦਿਅਕ ਅਦਾਰਿਆਂ ਅੰਦਰ ਇਸ ਤਰ੍ਹਾਂ ਦੀ ਘਟਨਾ ਵਾਪਰਨਾ ਕੁੜੀਆਂ ਦੀ ਸੁਰੱਖਿਆ ਉੱਪਰ ਸਵਾਲ ਖੜ੍ਹੇ ਕਰਦੀ ਹੈ? ਪੀ.ਐੱਸ.ਯੂ ਦੇ ਜ਼ਿਲ੍ਹਾ ਕਮੇਟੀ ਮੈਂਬਰ ਅਕਸ਼ੇ ਘੱਗਾ ਅਤੇ ਸੈਂਟੀ ਟੋਡਰਪੁਰ ਨੇ ਕਿਹਾ ਕਿ ਇਹ ਬਹੁਤ ਸੰਵੇਦਨਸ਼ੀਲ ਅਤੇ ਮੰਦਭਾਗੀ ਘਟਨਾ ਹੈ।
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪੱਧਰੀ ਸੱਦੇ ਤਹਿਤ ਸਰਕਾਰੀ ਰਿਪੁਦਮਨ ਕਾਲਜ ਦੀ ਬੀਏ ਭਾਗ ਪਹਿਲਾ ਦੀ ਵਿਦਿਆਰਥਣ ਨਾਲ ਹੋਏ ਸਮੂਹਿਕ ਬਲਾਤਕਾਰ ਦੀ ਘਟਨਾ ਵਿਰੁੱਧ ਸਰਕਾਰੀ ਕਿਰਤੀ ਕਾਲਜ ਨਿਆਲ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ।
ਪੀਐੱਸਯੂ ਦੇ ਜ਼ਿਲ੍ਹਾ ਆਗੂ ਸੈਂਟੀ ਟੋਡਰਪੁਰ ਅਤੇ ਅਕਸ਼ੇ ਘੱਗਾ ਨੇ ਕਿਹਾ ਕਿ ਇਹ ਬਹੁਤ ਸੰਵੇਦਨਸ਼ੀਲ ਅਤੇ ਮੰਦਭਾਗੀ ਘਟਨਾ ਹੈ। ਉਨ੍ਹਾਂ ਕਿਹਾ ਹੈ ਕਿ ਪੀੜਤ ਲੜਕੀ ਨੂੰ ਇਨਸਾਫ਼ ਦੇਣ ਲਈ ਫਾਸਟਰੈਕ ਕੋਰਟ ਰਾਹੀਂ ਜਲਦੀ ਇਨਸਾਫ਼ ਮਿਲਣਾ ਚਾਹੀਦਾ ਹੈ ਤੇ ਕਾਲਜਾਂ ਵਿਚ ਲੜਕੀਆਂ ਨੂੰ ਸੁਖਾਵਾਂ ਮਾਹੋਲ ਪ੍ਦਾਨ ਕਰਕੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।

Advertisement

ਪੀੜਤਾ ਨੂੰ ਇਨਸਾਫ ਤੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਮੰਗ

ਪਟਿਆਲਾ (ਖੇਤਰੀ ਪ੍ਰਤੀਨਿਧ): ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿੱਚ 27 ਮਾਰਚ ਨੂੰ ਵਾਪਰੀ ਸਮੂਹਿਕ ਜਬਰ ਜਨਾਹ ਦੀ ਵਾਪਰੀ ਮੰਦਭਾਗੀ ਘਟਨਾ ਨੇ ਉਚੇਰੀ ਵਿੱਦਿਅਕ ਸੰਸਥਾਵਾਂ ਦੀ ਚਾਰ ਦਹਾਕਿਆਂ ਤੋਂ ਨਿਘਰਦੀ ਸਥਿਤੀ ਨੂੰ ਮੁੜ ਉਜਾਗਰ ਕੀਤਾ ਹੈ। ਇਹ ਗੱਲ ‘ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ’ (ਡੀਟੀਐੱਫ) ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜ਼ਿਲ੍ਹਾ ਪ੍ਰਧਾਨ ਅਤਿੰਦਰ ਘੱਗਾ, ਸਕੱਤਰ ਹਰਵਿੰਦਰ ਰੱਖੜਾ, ਬਲਾਕ ਨਾਭਾ ਦੇ ਪ੍ਰਧਾਨ ਰਾਮਸ਼ਰਨ ਅਲੋਹਰਾ ਅਤੇ ਸਕੱਤਰ ਭਜਨ ਸਿੰਘ ਨੌਹਰਾ ਨੇ ਕਹੀ। ਇੱਥੇ ਜਾਰੀ ਬਿਆਨ ’ਚ ਉਨ੍ਹਾਂ ਨੇ ਜਿਥੇ ਪੰਜਾਬ ਸਰਕਾਰ ਅਤੇ ਕਾਲਜ ਪ੍ਰਸ਼ਾਸਨ ਦੇ ਗੈਰ-ਜ਼ਿੰਮੇਵਾਰਾਨਾ ਰਵੱਈਏ ਦੀ ਨਿਖੇਧੀ ਕੀਤੀ, ਉਥੇ ਹੀ ਇਸ ਵਰਤਾਰੇ ਲਈ ਜ਼ਿੰਮੇਵਾਰ ਹਰ ਸ਼ਖਸ ਦੇ ਖਿਲਾਫ਼ ਕਾਰਵਾਈ ਯਕੀਨੀ ਬਣਾਉਣ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰੀ ਕਾਲਜਾਂ ਵਿੱਚ ਅਨੁਸ਼ਾਸ਼ਨਹੀਣਤਾ ਅਤੇ ਗੈਰ-ਵਿਦਿਅਕ ਮਾਹੌਲ ਬਣਾਉਣ ਪਿੱਛੇ ਪੰਜਾਬ ਦੀਆਂ ਵੱਖ-ਵੱਖ ਸਰਕਾਰਾਂ ਜ਼ਿੰਮੇਵਾਰ ਹਨ। ਜਿਨ੍ਹਾਂ ਨੇ ਉੱਚ ਸਿੱਖਿਆ ਨੂੰ ਹਾਸ਼ੀਏ ’ਤੇ ਧੱਕ ਸੁੱਟਿਆ ਹੈ ਅਤੇ ਸਿੱਖਿਆ ਦੇ ਨਿੱਜੀਕਰਨ ਦੇ ਏਜੰਡੇ ਨੂੰ ਇੱਕ ਦੂਜੇ ਤੋਂ ਵੱਧ ਚੜ ਕੇ ਸਿਰੇ ਚਾੜ੍ਹਿਆ ਜਾ ਰਿਹਾ ਹੈ ਅਤੇ ਸਿੱਖਿਆ ਨੂੰ ਗਰੀਬ ਤੇ ਮੱਧ ਵਰਗ ਤੋਂ ਲਗਾਤਾਰ ਦੂਰ ਕੀਤਾ ਜਾ ਰਿਹਾ ਹੈ। ਜਥੇਬੰਦੀ ਨੇ ਮੰਗ ਕੀਤੀ ਕਿ ਇਸ ਘਟਨਾ ਪਿੱਛੇ ਹਰ ਜਿੰਮੇਵਾਰ ਵਿਅਕਤੀ ਉੱਪਰ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਫਰਾਰ ਮੁਲਜ਼ਮ ਨੂੰ ਵੀ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਕਾਨੂੰਨੀ ਕਾਰਵਾਈ ਆਰੰਭੀ ਜਾਣੀ ਚਾਹੀਦੀ ਹੈ।

Advertisement
Author Image

joginder kumar

View all posts

Advertisement
Advertisement
×