ਜਬਰ-ਜਨਾਹ: ਡੇਰਾ ਚਰਨ ਘਾਟ ਠਾਠ ਮੁਖੀ ਖ਼ਿਲਾਫ਼ ਇਕ ਹੋਰ ਕੇਸ ਦਰਜ
ਮਹਿੰਦਰ ਸਿਘ ਰੱਤੀਆਂ
ਮੋਗਾ, 18 ਸਤੰਬਰ
ਜਗਰਾਉਂ ਦੇ ਅਖਾੜਾ ਨਹਿਰ ਕਿਨਾਰੇ ਡੇਰਾ ਚਰਨ ਘਾਟ ਠਾਠ ਮੁਖੀ ਬਾਬਾ ਬਲਜਿੰਦਰ ਸਿੰਘ ਖ਼ਿਲਾਫ਼ ਮੁਟਿਆਰ ਦੀ ਸ਼ਿਕਾਇਤ ’ਤੇ ਜਗਰਾਉਂ ਪੁਲੀਸ ਮਗਰੋਂ ਮੋਗਾ ਪੁਲੀਸ ਨੇ ਵੀ ਜਬਰ-ਜਨਾਹ ਦੇ ਦੋਸ਼ ਹੇਠ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਗਰਾਉਂ ਪੁਲੀਸ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਹੁਣ ਨਿਆਂਇਕ ਹਿਰਾਸਤ ਵਿਚ ਹੈ।
ਡੀਐੱਸਪੀ ਧਰਮਕੋਟ ਅਮਰਜੀਤ ਸਿੰਘ ਤੇ ਥਾਣਾ ਮਹਿਣਾ ਮੁਖੀ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਕੇਸ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ। ਪੀੜਤ ਮੁਟਿਆਰ ਦਾ ਪਰਿਵਾਰ ਇਸ ਡੇਰੇ ਦਾ ਸ਼ਰਾਧਾਲੂ ਹੈ।
ਮੁਟਿਆਰ ਦਾ ਭਰਾ ਡੇਰੇ ਵਿੱਚ ਸੇਵਾ ਕਰਦਾ ਸੀ ਅਤੇ ਉਹ ਘਰ ਵਿੱਚ ਕਲੇਸ਼ ਕਰਨ ਲੱਗ ਪਿਆ। ਡੇਰੇ ਪ੍ਰਤੀ ਪਰਿਵਾਰ ਦੀ ਸ਼ਰਧਾ ਤੇ ਭਰੋਸਾ ਹੋਣ ਕਾਰਨ ਉਨ੍ਹਾਂ ਇਹ ਮਾਮਲਾ ਮੁਲਜ਼ਮ ਬਾਬਾ ਬਲਜਿੰਦਰ ਸਿੰਘ ਦੇ ਧਿਆਨ ਵਿੱਚ ਲਿਆਂਦਾ। ਇਸ ਸਬੰਧੀ ਮੁਲਜ਼ਮ ਨੇ 6 ਮਈ ਨੂੰ ਡਰੋਲੀ ਭਾਈ ਗੁਰਦੁਆਰੇ ’ਚ ਅਰਦਾਸ ਕਰਨ ਲਈ ਕਿਹਾ। ਇਸ ਦੌਰਾਨ ਫਾਰਚੂਨਰ ਵਿੱਚ ਮੁਲਜ਼ਮ ਬਾਬਾ ਉਨ੍ਹਾਂ ਨੂੰ ਸਥਾਨਕ ਬੁੱਘੀਪੁਰਾ ਚੌਕ ਸਥਿਤ ਹੋਟਲ ’ਚ ਲੈ ਗਿਆ ਅਤੇ ਚਰਨਜੀਤ ਨਾਮ ਦੇ ਸੇਵਾਦਾਰ ਨੂੰ ਉਥੋਂ ਭੇਜ ਦਿੱਤਾ।
ਇਸ ਦੌਰਾਨ ਮਲਜ਼ਮ ਨੇ ਪੀੜਤ ਮੁਟਿਆਰ ਨਾਲ ਕਥਿਤ ਜਬਰ ਜਨਾਹ ਕੀਤਾ। ਪੁਲੀਸ ਦੀ ਤਫ਼ਤੀਸ ਦੌਰਾਨ ਮੁਲਜ਼ਮ ਦਾ ਹੋਟਲ ’ਚ ਪੀੜਤ ਮੁਟਿਆਰ ਨਾਲ ਠਹਿਰਨ ਦਾ ਰਿਕਾਰਡ ਵੀ ਮਿਲ ਗਿਆ। ਇਸ ਮਗਰੋਂ ਉਸ ਨੂੰ ਧਮਕੀ ਦਿੱਤੀ ਗਈ ਕਿ ਜੇ ਕਿਸੇ ਕੋਲ ਮੂੰਹ ਖੋਲ੍ਹਿਆ ਤਾਂ ਅਸ਼ਲੀਲ ਸਮੱਗਰੀ ਵਾਇਰਲ ਕਰ ਦਿੱਤੀ ਜਾਵੇਗੀ।
ਪੀੜਤਾ ਨੇ ਦੱਸਿਆ ਕਿ ਇਸ ਮਗਰੋਂ ਮੁਲਜ਼ਮ ਵੱਲੋਂ ਉਸ ਨਾਲ ਡੇਰੇ ਦੇ ਭੋਰਾ ਸਾਹਿਬ ਵਿੱਚ ਵੀ ਕਥਿਤ ਜਬਰ ਜਨਾਹ ਕੀਤਾ ਜਾਂਦਾ ਰਿਹਾ। ਪੁਲੀਸ ਨੇ ਮੁਢਲੀ ਤਫ਼ਤੀਸ ਮਗਰੋਂ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।