ਰਣਵੀਰ ਸਿੰਘ ਬਣਿਆ ਨਵਾਂ ‘ਡੌਨ’
ਮੁੰਬਈ: ਬੌਲੀਵੁੱਡ ਅਦਾਕਾਰ ਫਰਹਾਨ ਅਖ਼ਤਰ ਵੱਲੋਂ ਨਿਰਦੇਸ਼ਿਤ ਫ਼ਿਲਮ ‘ਡੌਨ 3’ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਰਹਾਨ ਨੇ ਖੁਲਾਸਾ ਕੀਤਾ ਕਿ ਫ਼ਿਲਮ ‘ਡੌਨ’ ਦੇ ਤੀਜੇ ਭਾਗ ਵਿੱਚ ਰਣਵੀਰ ਸਿੰਘ ਨਵਾਂ ‘ਡੌਨ’ ਹੋਵੇਗਾ। ਇਸ ਤੋਂ ਪਹਿਲੇ ਫ਼ਿਲਮ ਦੇ ਦੋ ਭਾਗਾਂ ਵਿੱਚ ਸ਼ਾਹਰੁਖ ਖਾਨ ਨੇ ਮੁੱਖ ਭੂਮਿਕਾ ਨਿਭਾਈ ਸੀ। ਫਰਹਾਨ ਅਖ਼ਤਰ ਨੇ ਇੰਸਟਾਗ੍ਰਾਮ ਉੱਤੇ ਫ਼ਿਲਮ ‘ਡੌਨ 3’ ਦਾ ਟੀਜ਼ਰ ਵੀ ਜਾਰੀ ਕੀਤਾ ਹੈ। ਫਰਹਾਨ ਨੇ ਇਸ ਦੀ ਕੈਪਸ਼ਨ ਲਿਖਦਿਆਂ ਆਖਿਆ,‘ਇੱਕ ਨਵਾਂ ਯੁੱਗ ਸ਼ੁਰੂ... ‘ਡੌਨ 3’...’’ ਟੀਜ਼ਰ ਵਿੱਚ ਰਣਵੀਰ ਨੂੰ ਇੱਕ ਇਮਾਰਤ ਵਿੱਚ ਕੈਮਰੇ ਵੱਲ ਪਿੱਠ ਕਰਕੇ ਬੈਠਿਆ ਦੇਖਿਆ ਜਾ ਸਕਦਾ ਹੈ। ਫਿਰ ਉਹ ਸਿਗਰਟ ਲਾਉਂਦਿਆਂ ਆਪਣਾ ਤਾਅਰੁਫ਼ ‘ਡੌਨ’ ਵਜੋਂ ਕਰਵਾਉਂਦਾ ਹੈ ਅਤੇ ਆਪਣਾ ਮੂੰਹ ਕੈਮਰੇ ਵੱਲ ਕਰਦਾ ਹੈ। ਉਸ ਨੇ ਚਮੜੇ ਦੀ ਜੈਕੇਟ ਅਤੇ ਉਸੇ ਰੰਗ ਦੀ ਪੈਂਟ ਪਾਈ ਹੋਈ ਹੈ। ਉਸ ਨੇ ਚਮੜੇ ਦੇ ਬੂਟਾਂ ਨਾਲ ਮੇਲ ਖਾਂਦੀਆਂ ਐਨਕਾਂ ਨਾਲ ਲਾਈਆਂ ਹੁੰਦੀਆਂ ਹਨ। ਫਰਹਾਨ ਦੀ ਇਸ ਪੋਸਟ ਨੂੰ ਰਣਵੀਰ ਨੇ ਵੀ ਸਾਂਝਾ ਕੀਤਾ ਹੈ। ਸ਼ਾਹਰੁਖ਼ ਖਾਨ ਦੀ ਪਹਿਲੀ ਫ਼ਿਲਮ ‘ਡੌਨ’ 2006 ਵਿੱਚ ਰਿਲੀਜ਼ ਹੋਈ ਸੀ, ਜੋ ਸਰਵੋਤਮ ਏਸ਼ੀਅਨ ਫ਼ਿਲਮ ਬਣੀ ਸੀ। -ਏਐੱਨਆਈ