ਰਣਵੀਰ ਸਿੰਘ ਵੱਲੋਂ ਆਦਿੱਤਿਆ ਧਰ ਨਾਲ ਫਿਲਮ ਦਾ ਐਲਾਨ
ਮੁੰਬਈ: ਰਣਵੀਰ ਸਿੰਘ ਅਤੇ ਆਦਿੱਤਿਆ ਧਰ ਨੇ ਅਧਿਕਾਰਤ ਤੌਰ ’ਤੇ ਆਪਣੇ ਨਵੇਂ ਪ੍ਰਾਜੈਕਟ ਦੀ ਪੁਸ਼ਟੀ ਕੀਤੀ ਹੈ, ਜਿਸ ਵਿੱਚ ਸੰਜੈ ਦੱਤ, ਆਰ ਮਾਧਵਨ, ਅਕਸ਼ੈ ਖੰਨਾ ਅਤੇ ਅਰਜੁਨ ਰਾਮਪਾਲ ਕੰਮ ਕਰਨਗੇ। ਰਣਵੀਰ ਨੇ ਅੱਜ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਫਿਲਮ ਦੀ ਟੀਮ ਦਾ ਬਲੈਕ ਐਂਡ ਵ੍ਹਾਈਟ ਕੋਲਾਜ ਸਾਂਝਾ ਕੀਤਾ ਹੈ। ਅਦਾਕਾਰ ਨੇ ਪੋਸਟ ਦੇ ਨਾਲ ਕੈਪਸ਼ਨ ਵਿੱਚ ਲਿਖਿਆ, ‘‘ਇਹ ਮੇਰੇ ਪ੍ਰਸ਼ੰਸਕਾਂ ਲਈ ਹੈ, ਜੋ ਮੇਰੇ ਕੰਮ ਨੂੰ ਪਸੰਦ ਕਰਦੇ ਹਨ। ਮੈਂ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦਾ ਹਾਂ ਅਤੇ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਤੁਹਾਡੇ ਆਸ਼ੀਰਵਾਦ ਨਾਲ ਇਸ ਵਾਰ ਅਸੀਂ ਉਤਸ਼ਾਹ ਅਤੇ ਚੰਗੇ ਇਰਾਦੇ ਨਾਲ ਨਵੀਂ ਫਿਲਮ ਦੀ ਸ਼ੁੁਰੂਆਤ ਕਰਦੇ ਹਾਂ।’’ ਫੋਟੋ ਕੋਲਾਜ ਵਿੱਚ ਸੰਜੈ ਦੱਤ, ਆਰ ਮਾਧਵਨ, ਅਕਸ਼ੈ ਖੰਨਾ, ਆਦਿੱਤਿਆ ਧਰ ਅਤੇ ਅਰਜੁਨ ਰਾਮਪਾਲ ਦੀ ਤਸਵੀਰ ਹੈ। ਫਿਲਮ ਦੀ ਪ੍ਰੋਡਕਸ਼ਨ ਟੀਮ ਵਿੱਚ ਜੀਓ ਸਟੂਡੀਓਜ਼ ਤੋਂ ਜਯੋਤੀ ਦੇਸ਼ਪਾਂਡੇ ਅਤੇ ਬੀ62 ਸਟੂਡੀਓਜ਼ ਬੈਨਰ ਤਹਿਤ ਲੋਕੇਸ਼ ਧਰ ਸ਼ਾਮਲ ਹਨ। ਇਸ ਪ੍ਰਾਜੈਕਟ ਤੋਂ ਇਲਾਵਾ ਰਣਵੀਰ ਸਿੰਘ ਫਰਹਾਨ ਅਖਤਰ ਦੀ ਆਉਣ ਵਾਲੀ ਫਿਲਮ ‘ਡੌਨ 3’ ਅਤੇ ਰੋਹਿਤ ਸ਼ੈੱਟੀ ਦੀ ਫਿਲਮ ‘ਸਿੰਘਮ ਅਗੇਨ’ ਵਿੱਚ ਦਿਖਾਈ ਦੇਵੇਗਾ। -ਏਐੱਨਆਈ