For the best experience, open
https://m.punjabitribuneonline.com
on your mobile browser.
Advertisement

ਫਿਰੌਤੀ ਮਾਮਲਾ: ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਅਸਲਾ ਬਰਾਮਦ

07:22 AM Apr 23, 2024 IST
ਫਿਰੌਤੀ ਮਾਮਲਾ  ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਅਸਲਾ ਬਰਾਮਦ
ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਕਮਿਸ਼ਨਰ ਕੁਲਦੀਪ ਚਾਹਲ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਅਪਰੈਲ
ਸ਼ਹਿਰ ਦੇ ਕਾਰੋਬਾਰੀ ਗੌਰਵ ਮਿੱਤਲ ਤੋਂ ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਤਿੰਨ ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਮਾਮਲੇ ’ਚ ਪੁਲੀਸ ਨੇ ਪੰਜਾਬ ਪੁਲੀਸ ਦੇ ਡੀਐੱਸਪੀ ਦੀ ਵਰਦੀ, ਹੱਥਕੜੀਆਂ ਤੇ ਵੱਡੀ ਗਿਣਤੀ ’ਚ ਹਥਿਆਰ ਵੀ ਬਰਾਮਦ ਕੀਤੇ ਹਨ। ਪੁਲੀਸ ਵੱਲੋਂ ਇਹ ਬਰਾਮਦਗੀ ਗ੍ਰਿਫ਼ਤਾਰ ਮੁਲਜ਼ਮ ਤੇਜਿੰਦਰਪਾਲ ਸਿੰਘ ਤੇ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਤੋਂ ਪੁੱਛ-ਪੜਤਾਲ ਮਗਰੋਂ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਦੋਵਾਂ ਮੁਲਜ਼ਮਾਂ ਤੋਂ ਪੁਲੀਸ ਨੇ 30 ਬੋਰ ਦੀਆਂ 6 ਪਿਸਤੌਲਾਂ, 45 ਬੋਰ ਦੀ ਇੱਕ ਪਿਸਤੌਲ ਦੇ ਨਾਲ-ਨਾਲ 160 ਕਾਰਤੂਸ ਵੀ ਬਰਾਮਦ ਕੀਤੇ ਹਨ। ਮੁਲਜ਼ਮਾਂ ਤੋਂ ਕਾਰ ਵੀ ਮਿਲੀ ਹੈ, ਜੋ ਮਨੀਲਾ ਵਾਸੀ ਮੁਲਜ਼ਮ ਰਮਨਦੀਪ ਸਿੰਘ ਦੀ ਸੀ। ਕਮਿਸ਼ਨਰੇਟ ਪੁਲੀਸ ਨੇ ਮੁਲਜ਼ਮਾਂ ਤੋਂ ਤਿੰਨ ਜਾਅਲੀ ਨੰਬਰ ਪਲੇਟਾਂ ਦੇ ਨਾਲ-ਨਾਲ ਐੱਸਐੱਸਪੀ ਜਗਰਾਉਂ ਦੀਆਂ ਮੋਹਰਾਂ ਤੇ ਫਿਰੌਤੀ ਦੇ ਪੈਸਿਆਂ ਨਾਲ ਖ਼ਰੀਦੀ ਜਾਇਦਾਦ ਦੇ ਕਾਗਜ਼ਾਤ ਵੀ ਬਰਾਮਦ ਕੀਤੇ ਹਨ।
ਪੁਲੀਸ ਕਮਿਸ਼ਨਰ ਕੁਲੀਪ ਸਿੰਘ ਚਾਹਲ ਨੇ ਦੱਸਿਆ ਕਿ ਮੁਲਜ਼ਮਾਂ ਨੇ ਗੌਰਵ ਮਿੱਤਲ ਦੇ ਨਾਲ-ਨਾਲ ਸ਼ਹਿਰ ਦੇ ਡਾਕਟਰ ਅਤੇ ਇਸ ਤੋਂ ਇਲਾਵਾ ਕਈ ਕਾਰੋਬਾਰੀਆਂ ਨੂੰ ਫੋਨ ਕੀਤੇ ਸਨ। ਕਦੇ ਮਨੀਲਾ ’ਚ ਬੈਠਿਆ ਰਮਨਦੀਪ ਫੋਨ ਕਰਦਾ ਸੀ ਤੇ ਕਦੇ ਪੁਨੀਤ ਕੈਨੇਡਾ ’ਚ ਬੈਠ ਕੇ ਫੋਨ ਕਰਦਾ ਸੀ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਕੁਝ ਲੋਕਾਂ ਤੋਂ ਪੈਸੇ ਵੀ ਲਏ ਸਨ।
ਮੁਲਜ਼ਮਾਂ ਨੇ ਤਿੰਨ ਜਾਅਲੀ ਨੰਬਰ ਪਲੇਟਾਂ ਰੱਖੀਆਂ ਸਨ, ਜਿਸ ਕਾਰਨ ਉਹ ਬਦਲ ਬਦਲ ਕੇ ਕਾਰਾਂ ਲੈ ਜਾਂਦੇ ਸਨ।
ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਤੇਜਿੰਦਰਪਾਲ ਸਿੰਘ ਨੇ ਪੰਜਾਬ ਪੁਲੀਸ ਦੇ ਡੀਐੱਸਪੀ ਦੀ ਵਰਦੀ ਵੀ ਬਣਵਾਈ ਹੋਈ ਸੀ ਤੇ ਉਸ ’ਚ ਫੋਟੋ ਵੀ ਖਿਚਵਾਈ ਹੋਈ ਸੀ। ਉਹ ਖੁਦ ਨੂੰ ਕਈ ਲੋਕਾਂ ਸਾਹਮਣੇ ਬਤੌਰ ਡੀਐੱਸਪੀ ਪੇਸ਼ ਕਰਦਾ ਸੀ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਖੁਦ ਮੱਧ ਪ੍ਰਦੇਸ਼ ਜਾ ਕੇ ਹਥਿਆਰ ਖਰੀਦ ਕੇ ਲਿਆਂਦੇ ਸਨ। ਪੁਲੀਸ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਮੁਲਜ਼ਮਾਂ ਕੋਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਤੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।

Advertisement

Advertisement
Author Image

Advertisement
Advertisement
×