ਸਿੱਖਿਆ ਵਿਭਾਗ ਦੇ ਦਰਜਾ ਚਾਰ ਮੁਲਾਜ਼ਮ ਨੰਗੇ ਧੜ ਗਰਜੇ
ਗੁਰਦੀਪ ਸਿੰਘ ਲਾਲੀ
ਸੰਗਰੂਰ, 3 ਸਤੰਬਰ
ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਦਰਜਾ ਚਾਰ ਮੁਲਾਜ਼ਮਾਂ ਵਲੋਂ ਸ਼ਹਿਰ ’ਚ ਨੰਗੇ ਧੜ ਰੋਸ ਮਾਰਚ ਕਰਦਿਆਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੁੱਜ ਕੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਆਪਣੇ ਪਰਿਵਾਰਾਂ ਸਮੇਤ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਣਗੇ।
ਪੰਜਾਬ ਭਰ ਤੋਂ ਅੱਜ ਦਰਜਾਚਾਰ ਕਰਮਚਾਰੀ ਐਸੋਸੀਏਸ਼ਨ (ਸਿੱਖਿਆ ਵਿਭਾਗ) ਪੰਜਾਬ ਦੀ ਅਗਵਾਈ ਹੇਠ ਦਰਜਾ ਚਾਰ ਮੁਲਾਜ਼ਮ ਇੱਥੇ ਧੂਰੀ ਰੋਡ ਸਥਿਤ ਗੁਰਦੁਆਰਾ ਮਹਿਲ ਮੁਬਾਰਕ ਵਿੱਚ ਇਕੱਠੇ ਹੋਏ ਜਿੱਥੋਂ ਨੰਗੇ ਧੜ ਰੋਸ ਮਾਰਚ ਕਰਦਿਆਂ ਡੀ.ਸੀ. ਦਫ਼ਤਰ ਅੱਗੇ ਪੁੱਜੇ। ਮੁਲਾਜ਼ਮਾਂ ਨੇ ਸਰਕਾਰ ਖ਼ਿਲਾਫ਼ ਧਰਨਾ ਦਿੰਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾਈ ਪ੍ਰਧਾਨ ਵਿਜੇ ਪਾਲ ਬਿਲਾਸਪੁਰ ਨੇ ਕਿਹਾ ਕਿ ਦਰਜਾ ਚਾਰ ਮੁਲਾਜ਼ਮ 28 ਅਗਸਤ ਤੋਂ ਕੰਮ ਛੱਡੋ ਹੜਤਾਲ ’ਤੇ ਹਨ ਪਰ ਸਰਕਾਰ ਵਲੋਂ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਰਜਾ ਚਾਰ ਮੁਲਾਜ਼ਮਾਂ ਦੀ ਬੇਸਿਕ ਤਨਖਾਹ ਬਹੁਤ ਘੱਟ ਹੈ ਜਿਸ ਵਿੱਚ ਵਾਧਾ ਕੀਤਾ ਜਾਵੇ। ਚੌਕੀਦਾਰ ਕਰਮਚਾਰੀਆਂ ਦਾ ਭੱਤਾ 800 ਰੁਪਏ ਤੋਂ ਵਧਾ ਕੇ 4800 ਰੁਪਏ ਕੀਤਾ ਜਾਵੇ, ਹਰੇਕ ਸਕੂਲ ਵਿੱਚ ਚੌਕੀਦਾਰ ਦੀਆਂ 2 ਅਸਾਮੀਆਂ ਦਿੱਤੀਆਂ ਜਾਣ, ਕੱਟੇ ਹੋਏ ਭੱਤੇ ਬਹਾਲ ਕੀਤੇ ਜਾਣ, 10ਵੀਂ ਪਾਸ ਦਰਜਾ ਚਾਰ ਕਰਮਚਾਰੀਆਂ ਦੀਆਂ ਬਤੌਰ ਐਸ.ਐਲ.ਏ. ਤਰੱਕੀਆਂ ਕੀਤੀਆਂ ਜਾਣ, ਕਲਰਕ ਦੀ ਤਰੱਕੀ ਲੈਣ ਲਈ ਟਾਈਪ ਟੈਸਟ ਲਿਆ ਜਾਵੇ, ਤਨਖਾਹ ਵਿੱਚੋਂ ਹਰੇਕ ਮਹੀਨੇ 200/-ਰੁਪਏ ਵਿਕਾਸ ਟੈਕਸ ਦੀ ਕਟੌਤੀ ਬੰਦ ਕੀਤੀ ਜਾਵੇ, ਪੀਟੀਏ ਤੇ ਪਾਰਟ ਟਾਈਮ ਕੰਮ ਕਰਦੇ ਮੁਲਾਜ਼ਮਾਂ ਨੂੰ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਕੰਮ ਛੱਡੋ ਹੜਤਾਲ ਜਾਰੀ ਰਹੇਗੀ। ਜੇਕਰ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਪਰਿਵਾਰਾਂ ਸਮੇਤ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਜਲਦ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕਦਿਆਂ ਸੰਘਰਸ ਦਾ ਬਿਗਲ ਵਜਾਇਆ ਜਾਵੇਗਾ। ਇਸ ਮੌਕੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਦੁਬੱਲੀ, ਚੇਅਰਮੈਨ ਗੁਰਚਰਨ ਸਿੰਘ ਪੰਮੀ, ਖਜ਼ਾਨਚੀ ਪਰਮਜੀਤ ਕੁਮਾਰ ਭੁੱਟਾ, ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ, ਧਰਮਪ੍ਰੀਤ ਸਿੰਘ ਬੌਡੇ ਪ੍ਰਧਾਨ ਮੋਗਾ, ਗੁਰਸੇਵਕ ਸਿੰਘ ਪ੍ਰਧਾਨ ਸੰਗਰੂਰ, ਗੁਰਮੀਤ ਸਿੰਘ ਸੰਧੂ ਪ੍ਰਧਾਨ ਤਰਨਤਾਰਨ, ਰਕੇਸ ਕੁਮਾਰ ਪ੍ਰਧਾਨ ਫਾਜ਼ਿਲਕਾ, ਨਿਸ਼ਾਨ ਸਿੰਘ ਪ੍ਰਧਾਨ ਪਠਾਨਕੋਟ, ਸੁਖਪਾਲ ਸਿੰਘ ਲਿੱਤਰਾਂ ਪ੍ਰਧਾਨ ਲੁਧਿਆਣਾ ਆਦਿ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਅਹੁਦੇਦਾਰ ਸ਼ਾਮਲ ਸਨ।