ਰਣਜੀਤ ਚੌਟਾਲਾ ਨੇ ਰਾਣੀਆਂ ਨੂੰ ਤਬਾਹੀ ਦੇ ਕੰਢੇ ਪਹੁੰਚਾਇਆ: ਅਭੈ ਚੌਟਾਲਾ
ਪ੍ਰਭੂ ਦਿਆਲ/ਜਗਤਾਰ ਸਮਾਲਸਰ
ਸਿਰਸਾ/ ਏਲਨਾਬਾਦ, 26 ਅਗਸਤ
ਇਨੈਲੋ ਆਗੂ ਅਤੇ ਏਲਨਾਬਾਦ ਦੇ ਵਿਧਾਇਕ ਅਭੈ ਸਿੰਘ ਚੌਟਾਲਾ ਨੇ ਅੱਜ ਰਾਣੀਆਂ ਵਿੱਚ ਪਾਰਟੀ ਉਮੀਦਵਾਰ ਅਰਜੁਨ ਚੌਟਾਲਾ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਅਭੈ ਚੌਟਾਲਾ ਨੇ ਆਪਣੇ ਚਾਚਾ ਰਣਜੀਤ ਸਿੰਘ ਚੌਟਾਲਾ ’ਤੇ ਤਨਜ਼ ਕਸਦਿਆਂ ਕਿਹਾ ਕਿ ਰਾਣੀਆਂ ਦੇ ਵਿਧਾਇਕ ਨੇ ਇਸ ਹਲਕੇ ਨੂੰ ਤਬਾਹੀ ਦੇ ਕੰਢੇ ਪਹੁੰਚਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਣੀਆਂ ਦੇ ਮੌਜੂਦਾ ਵਿਧਾਇਕ ਨੇ ਬੇਸ਼ੱਕ ਸਾਬਕਾ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦੇ ਨਾਂ ’ਤੇ ਵੋਟਾਂ ਮੰਗੀਆਂ ਪਰ ਉਨ੍ਹਾਂ ਦੀ ਲੋਕ ਸੇਵਾ ਨੀਤੀ ਨੂੰ ਲਾਗੂ ਨਹੀਂ ਕੀਤਾ। ਜਿਸ ਕਾਰਨ ਇਲਾਕੇ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਪੂਰੇ ਹਰਿਆਣਾ ਵਿੱਚ ਇਨੈਲੋ-ਬਸਪਾ ਗੱਠਜੋੜ ਦੀ ਹੀ ਸਰਕਾਰ ਬਣੇਗੀ, ਕਿਉਂਕਿ ਇਹ ਗੱਠਜੋੜ ਆਪਣੀਆਂ ਕਲਿਆਣਕਾਰੀ ਨੀਤੀਆਂ ਨਾਲ ਹੋਰ ਸਿਆਸੀ ਪਾਰਟੀਆਂ ਤੋਂ ਕਾਫੀ ਅੱਗੇ ਨਿਕਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਕਾਰਜਕਾਲ ਦੌਰਾਨ ਇਸ ਖੇਤਰ ਵਿੱਚ ਨਹਿਰਾਂ ਦਾ ਜਾਲ ਵਿਛਾਇਆ ਗਿਆ ਸੀ ਜਿਸਦਾ ਕਿਸਾਨਾਂ ਨੂੰ ਭਰਪੂਰ ਫਾਇਦਾ ਹੋਇਆ ਹੈ। ਇਨੈਲੋ ਸਰਕਾਰ ਦੌਰਾਨ ਹੀ ਸੂਬੇ ਵਿੱਚ ਨਵੇਂ ਸਕੂਲ ਸਥਾਪਿਤ ਕੀਤੇ ਗਏ, ਕਈ ਸਕੂਲਾਂ ਨੂੰ ਅੱਪਗ੍ਰੇਡ ਕੀਤਾ ਗਿਆ ਅਤੇ ਸਿਹਤ ਕੇਂਦਰਾਂ ਵਿੱਚ ਡਾਕਟਰਾਂ ਦੀ ਭਰਤੀ ਵੀ ਕੀਤੀ ਗਈ। ਇਸ ਤੋਂ ਇਲਾਵਾ ਵਪਾਰੀਆਂ ਨੂੰ ਵੀ ਕਈ ਰਾਹਤਾਂ ਦੇ ਕੇ ਲਾਭ ਪਹੁੰਚਾਇਆ ਗਿਆ। ਭਾਜਪਾ ਨੇ ਆਪਣੇ 10 ਸਾਲਾਂ ਦੇ ਸ਼ਾਸਨ ਦੌਰਾਨ ਸੂਬੇ ਦੇ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਕੀਤਾ ਹੈ। ਇਸ ਲਈ ਹੁਣ ਲੋਕ ਬਦਲਾਅ ਚਾਹੁੰਦੇ ਹਨ। ਅਭੈ ਚੌਟਾਲਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣਨ ’ਤੇ ਇਸ ਇਲਾਕੇ ਵਿੱਚ ਫਿਰ ਨਹਿਰਾਂ ਅਤੇ ਖਾਲ਼ਿਆਂ ਦਾ ਜਾਲ ਵਿਛਾਇਆ ਜਾਵੇਗਾ। ਇਨੈਲੋ ਆਗੂ ਨੇ ਕਿਹਾ ਕਿ ਸਿਰਸਾ ਵਿੱਚ ਮੈਡੀਕਲ ਕਾਲਜ ਬਣਾਉਣ ਦਾ ਨੀਂਹ ਪੱਥਰ ਤਿੰਨ ਵਾਰ ਰੱਖਿਆ ਗਿਆ ਪਰ ਅੱਜ ਤੱਕ ਇੱਕ ਵੀ ਨਵੀਂ ਇੱਟ ਨਹੀਂ ਲਗਾਈ ਗਈ। ਅਰਜੁਨ ਚੌਟਾਲਾ ਨੇ ਕਿਹਾ ਕਿ ਪਾਰਟੀ ਨੇ ਜੋ ਜ਼ਿਮੇਵਾਰੀ ਉਨ੍ਹਾਂ ਨੂੰ ਦਿੱਤੀ ਹੈ ਉਹ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਜਸਵੀਰ ਸਿੰਘ ਜੱਸਾ, ਜਰਨੈਲ ਸਿੰਘ ਚੰਦੀ, ਕਸ਼ਮੀਰ ਸਿੰਘ ਕਰੀਵਾਲਾ, ਸਾਬਕਾ ਵਿਧਾਇਕ ਸੀਤਾ ਰਾਮ, ਅਭੈ ਸਿੰਘ ਖੋਡ, ਗੁਰਵਿੰਦਰ ਸਿੰਘ, ਮਹਾਵੀਰ ਸ਼ਰਮਾ ਸਹਿਤ ਅਨੇਕ ਪਾਰਟੀ ਵਰਕਰ ਮੌਜੂਦ ਸਨ।