‘ਰੰਗਲਾ ਪੰਜਾਬ’ ਸਮਾਗਮ ਅੱਜ ਹੋਵੇਗਾ ਸ਼ੁਰੂ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਫਰਵਰੀ
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸੈਰ ਸਪਾਟੇ ਨੂੰ ਪ੍ਰਫੁੱਲਤ ਕਰਨ ਲਈ ਅੰਮ੍ਰਿਤਸਰ ਵਿਚ ਸੱਤ ਰੋਜ਼ਾ ‘ਰੰਗਲਾ ਪੰਜਾਬ’ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਦਾ ਉਦਘਾਟਨ 23 ਫਰਵਰੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤਾ ਜਾਵੇਗਾ। ਇਹ ਸਮਾਗਮ 29 ਫਰਵਰੀ ਤੱਕ ਜਾਰੀ ਰਹੇਗਾ। ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਸੱਭਿਆਚਾਰਕ ਕੇਂਦਰ ਅੰਮ੍ਰਿਤਸਰ ਵਿਚ ਹੋਣ ਵਾਲਾ ਸਮਾਗਮ ਪੰਜਾਬ ਦੀ ਅਮੀਰ ਵਿਰਾਸਤ ਨੂੰ ਦੇਸ਼ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਚਾਨਣ ਮੁਨਾਰੇ ਦਾ ਕੰਮ ਕਰੇਗਾ। ਇਹ ਸਮਾਗਮ ਸਾਹਿਤ, ਭੋਜਨ ਪਦਾਰਥਾਂ, ਸੰਗੀਤ, ਜੋਸ਼ ਤੇ ਜਜ਼ਬੇ ਅਤੇ ਪੰਜਾਬ ਦੀ ਸੇਵਾ ਭਾਵਨਾ ਵਰਗੇ ਵਿਸ਼ਿਆਂ ’ਤੇ ਕੇਂਦਰਿਤ ਹੋਵੇਗਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਫੈਸਟੀਵਲ ਦੀ ਸ਼ੁਰੂਆਤ 23 ਫਰਵਰੀ ਨੂੰ ਖਾਲਸਾ ਕਾਲਜ, ਅੰਮ੍ਰਿਤਸਰ ਵਿਚ ਹੋਵੇਗੀ। ਇਸ ਰਾਸ਼ਟਰੀ, ਸੂਬਾ ਪੱਧਰੀ ਸੱਭਿਆਚਾਰਕ ਸ਼ਾਮ ਦੌਰਾਨ ਦਰਸ਼ਕਾਂ ਲਈ ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ।
ਇਸ ਸਮਾਗਮ ਦੌਰਾਨ ਗਾਇਕ ਸੁਖਵਿੰਦਰ ਸਿੰਘ ਦੀ ਪੇਸ਼ਕਾਰੀ ਖਿੱਚ ਦਾ ਕੇਂਦਰ ਹੋਵੇਗੀ। ਉਨ੍ਹਾਂ ਕਿਹਾ ਕਿ 24 ਤੇ 25 ਫਰਵਰੀ ਨੂੰ ਪੰਜਾਬ ਤੋਂ ਡਰਾਮਾ ਐਂਡ ਲਿਟਰੇਚਰ ਫੈਸਟੀਵਲ ਕਰਵਾਇਆ ਜਾਵੇਗਾ। 24 ਤੋਂ 29 ਫਰਵਰੀ ਤੱਕ ਰਣਜੀਤ ਐਵੇਨਿਊ ਵਿਚ ਗ੍ਰੈਂਡ ਸ਼ਾਪਿੰਗ ਫੈਸਟੀਵਲ ਫੂਡਿਸਤਾਨ ਤਹਿਤ ਹਰ ਤਰ੍ਹਾਂ ਦੇ ਪੰਜਾਬੀ ਅਤੇ ਅੰਮ੍ਰਿਤਸਰੀ ਪਕਵਾਨ ਪਰੋਸੇ ਜਾਣਗੇ।
ਇਸ ਤੋਂ ਇਲਾਵਾ ਗਾਇਕ ਹਰਜੀਤ ਹਰਮਨ, ਲਖਵਿੰਦਰ ਬਡਾਲੀ, ਕੁਲਵਿੰਦਰ ਬਿੱਲਾ, ਕੰਵਰ ਗਰੇਵਾਲ ਤੇ ਸਿਕੰਦਰ ਸਲੀਮ ਵੱਲੋਂ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ। ‘ਰੰਗਲਾ ਪੰਜਾਬ’ ਵਿੱਚ ਪੰਜਾਬ ਦੀ ਅਮੀਰ ਵਿਰਾਸਤ ਤੇ ਵਿਰਸੇ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਜਾਵੇਗਾ।