ਰੰਧਾਵਾ ਵੱਲੋਂ ਸੂਬੇ ਦੇ ਅਖੀਰਲੇ ਪਿੰਡ ਦੁਨੇਰਾ ਤੇ ਸੁਜਾਨਪੁਰ ਦਾ ਦੌਰਾ
ਐੱਨਪੀ ਧਵਨ
ਪਠਾਨਕੋਟ, 14 ਜੂਨ
ਸੁਖਜਿੰਦਰ ਸਿੰਘ ਰੰਧਾਵਾ ਨੇ ਲੋਕ ਸਭਾ ਮੈਂਬਰ ਬਣਨ ਤੋਂ ਬਾਅਦ ਧਾਰ ਬਲਾਕ ਨੀਮ ਪਹਾੜੀ ਖੇਤਰ ਦੇ ਪਿੰਡ ਦੁਨੇਰਾ ਦਾ ਪਲੇਠਾ ਦੌਰਾ ਕੀਤਾ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਧਾਇਕ ਨਰੇਸ਼ ਪੁਰੀ, ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਬਲਾਕ ਪ੍ਰਧਾਨ ਰਾਜ ਕੁਮਾਰ, ਸਰਪੰਚ ਕਿਸ਼ਨ ਚੰਦ, ਸਰਪੰਚ ਰਾਜੇਸ਼ ਸ਼ਰਮਾ, ਸਰਪੰਚ ਪੱਪੂ ਰਾਮ, ਸਰਪੰਚ ਵਿਜੈ ਕੁਮਾਰ, ਸਰਪੰਚ ਅੰਜੂ ਬਾਲਾ, ਸਰਪੰਚ ਸੁਮਨ ਬਾਲਾ ਆਦਿ ਹਾਜ਼ਰ ਸਨ। ਇਸ ਉਪਰੰਤ ਸ਼ਾਮ ਨੂੰ ਰੰਧਾਵਾ ਨੇ ਸੁਜਾਨਪੁਰ ਵਿੱਚ ਵੀ ਵਿਧਾਇਕ ਨਰੇਸ਼ ਪੁਰੀ ਦੇ ਗ੍ਰਹਿ ਵਿੱਚ ਪੁੱਜ ਕੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਧਾਰ ਬਲਾਕ ਦੇ ਨੀਮ ਪਹਾੜੀ ਖੇਤਰ ਵਿੱਚ ਅੱਜ ਸਭ ਤੋਂ ਵੱਡੀ ਸਮੱਸਿਆ ਪੀਣ ਵਾਲੇ ਪਾਣੀ ਦੀ ਬਣੀ ਹੋਈ ਹੈ ਅਤੇ ਬਿਜਲੀ ਦੇ ਲੱਗ ਰਹੇ ਅਣਐਲਾਨੇ ਕੱਟਾਂ ਨਾਲ ਇਹ ਸਮੱਸਿਆ ਹੋਰ ਵੀ ਗੰਭੀਰ ਬਣ ਗਈ ਹੈ। ਉਨ੍ਹਾਂ ਵਾਅਦਾ ਕੀਤਾ ਕਿ ਇੱਕ ਮਹੀਨੇ ਬਾਅਦ ਇਸ ਬਲਾਕ ਦੇ ਸਾਰੇ ਪਿੰਡਾਂ ਦੀ ਰਿਪੋਰਟ ਤਿਆਰ ਕਰਕੇ ਪਾਣੀ ਦੀ ਸਮੱਸਿਆ ਨੂੰ ਸਦਾ ਲਈ ਹੱਲ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਹਲਕੇ ਦੇ ਵਿਧਾਇਕ ਨਰੇਸ਼ ਪੁਰੀ ਨੇ ਸੁਖਜਿੰਦਰ ਸਿੰਘ ਰੰਧਾਵਾ ਦਾ ਧੰਨਵਾਦ ਕੀਤਾ। ਬਲਾਕ ਪ੍ਰਧਾਨ ਰਾਜ ਕੁਮਾਰ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਨੋਟਾਂ ਦਾ ਹਾਰ ਪਹਿਨਾ ਕੇ ਉਨ੍ਹਾਂ ਦਾ ਸਨਮਾਨ ਕੀਤਾ।