ਰੰਧਾਵਾ ਵੱਲੋਂ ਮਾਧੋਪੁਰ-ਸ਼ਾਹਪੁਰਕੰਢੀ ਲਿੰਕ ਸੜਕ ਦਾ ਨੀਂਹ ਪੱਥਰ
ਐੱਨਪੀ. ਧਵਨ
ਪਠਾਨਕੋਟ, 10 ਜਨਵਰੀ
ਮਾਧੋਪੁਰ-ਸ਼ਾਹਪੁਰਕੰਢੀ ਅਪਗ੍ਰੇਡੇਸ਼ਨ ਲਿੰਕ ਸੜਕ ਦਾ ਨੀਂਹ ਪੱਥਰ ਅੱਜ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਮਾਧੋਪੁਰ ਵਿੱਚ ਰੱਖਿਆ। ਇਹ ਸੜਕ ਕੇਂਦਰ ਸਰਕਾਰ ਦੇ ਪੇਂਡੂ ਵਿਕਾਸ ਮੰਤਰਾਲੇ ਵੱਲੋਂ ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ ਤਹਿਤ ਬਣਾਈ ਜਾਵੇਗੀ। ਇਸ ਮੌਕੇ ਸੁਜਾਨਪੁਰ ਦੇ ਵਿਧਾਇਕ ਨਰੇਸ਼ ਪੁਰੀ, ਕਾਂਗਰਸੀ ਆਗੂ ਆਸ਼ੀਸ਼ ਵਿੱਜ, ਪੰਮੀ ਪਠਾਨੀਆ, ਐਕਸੀਅਨ ਮੰਡੀਬੋਰਡ ਅਮਨਦੀਪ ਸਿੰਘ ਅਤੇ ਹੋਰ ਅਧਿਕਾਰੀ ਤੇ ਆਗੂ ਵੀ ਹਾਜ਼ਰ ਸਨ। ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਸੜਕ ਬਣਨ ਨਾਲ ਖੇਤਰ ਵਾਸੀਆਂ ਦੇ ਨਾਲ-ਨਾਲ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਵੀ ਫਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਸੜਕ 6.45 ਕਰੋੜ ਰੁਪਏ ਖਰਚ ਆਉਣਗੇ ਅਤੇ 9.25 ਕਿਲੋਮੀਟਰ ਲੰਬਾਈ ਵਾਲੀ ਇਸ ਸੜਕ ਦੀ ਚੌੜਾਈ ਪਹਿਲਾਂ ਨਾਲੋਂ ਵਧਾ ਕੇ 18 ਫੁੱਟ ਕੀਤੀ ਜਾਵੇਗੀ। ਜਿਸ ਨਾਲ ਵਾਹਨ ਚਾਲਕਾਂ ਨੂੰ ਫਾਇਦਾ ਹੋਵੇਗਾ। ਉਕਤ ਸੜਕ ਦਾ ਨਿਰਮਾਣ ਪੰਜਾਬ ਮੰਡੀਬੋਰਡ ਵੱਲੋਂ ਕੀਤਾ ਜਾਵੇਗਾ ਅਤੇ ਇਸ ਟੈਂਡਰ ਵੀ ਅਲਾਟ ਹੋ ਚੁੱਕਾ ਹੈ। ਵਿਧਾਇਕ ਨਰੇਸ਼ ਪੁਰੀ ਨੇ ਦੱਸਿਆ ਕਿ ਉਕਤ ਸੜਕ ਦੇ ਕਿਨਾਰੇ ਬਣ ਰਹੀ ਸ਼ਾਹਪੁਰਕੰਢੀ ਨਹਿਰ ਅਤੇ 2 ਪਾਵਰ ਹਾਊਸਾਂ ਦੇ ਨਿਰਮਾਣ ਕਾਰਜਾਂ ਕਾਰਨ ਸੜਕ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਸੀ ਅਤੇ ਸੜਕ ਛੋਟੀ ਹੋਣ ਕਾਰਨ ਲੋਕਾਂ ਨੂੰ ਲੰਘਣ ਸਮੇਂ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਸੜਕ ਰਾਹੀਂ ਸੈਲਾਨੀ ਅਤੇ ਹੋਰ ਲੋਕ ਰਣਜੀਤ ਸਾਗਰ ਡੈਮ ਤੇ ਡਲਹੌਜ਼ੀ ਆਦਿ ਸਥਾਨਾਂ ਤੋਂ ਜੰਮੂ-ਕਸ਼ਮੀਰ ਨੂੰ ਜਾਂਦੇ ਹਨ। ਇਸੇ ਕਰਕੇ ਇਸ ਸੜਕ ਨੂੰ ਹੋਰ ਚੌੜਾ ਬਣਾਇਆ ਜਾਵੇਗਾ।