ਰਾਮਪੁਰ ਲਿਖਾਰੀ ਸਭਾ ਵੱਲੋਂ ਤਿੰਨ ਸ਼ਖ਼ਸੀਅਤਾਂ ਦਾ ਸਨਮਾਨ
ਪੱਤਰ ਪ੍ਰੇਰਕ
ਦੋਰਾਹਾ, 13 ਮਾਰਚ
ਇੱਥੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਦਾ 71ਵਾਂ ਸਾਲਾਨਾ ਸਮਾਗਮ ਸਾਹਿਤਕਾਰ ਮੇਜਰ ਮਾਂਗਟ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਵਿਚ ਡਾ. ਅਮਰਜੀਤ ਕਾਉਂਕੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਸਭਾ ਵੱਲੋਂ ਤਿੰਨ ਸ਼ਖ਼ਸੀਅਤਾਂ ਨੂੰ ਪੁਰਸਕਾਰ ਦਿੱਤੇ ਗਏ। ਇਸ ਵਿਚ ਲਾਭ ਸਿੰਘ ਚਾਤ੍ਰਿਕ ਯਾਦਗਾਰੀ ਪੁਰਸਕਾਰ ਗੀਤਕਾਰ ਕਰਨੈਲ ਸਿੰਘ ਮਾਂਗਟ ਨੂੰ, ਕਾਮਰੇਡ ਰਣਧੀਰ ਸਿੰਘ ਯਾਦਗਾਰੀ ਪੁਰਸਕਾਰ ਯਤਿੰਦਰ ਕੌਰ ਮਾਹਲ ਅਤੇ ਪ੍ਰੋ. ਜੋਗਿੰਦਰ ਸਿੰਘ ਪੁਰਸਕਾਰ ਗਜ਼ਲਗੋ ਆਤਮਾ ਰਾਮ ਰੰਜਨ ਨੂੰ ਦਿੱਤਾ ਗਿਆ।
ਸੁਰਿੰਦਰ ਰਾਮਪੁਰੀ ਨੇ ਦੱਸਿਆ ਕਿ ਇਸ ਦੌਰਾਨ ਪਰਵਾਸੀ ਲੇਖਕ ਬੰਟੀ ਉੱਪਲ ਦਾ ਗਜ਼ਲ ਸੰਗ੍ਰਹਿ ‘ਪਾਗਲ ਕੀਤਾ ਹੋਇਆ ਏ’ ਤੇ ਮੇਜਰ ਮਾਂਗਟ ਦਾ ਸੱਤਵਾਂ ਕਹਾਣੀ ਸੰਗ੍ਰਹਿ ‘ਬਲੈਕ ਆਈਸ’ ਲੋਕ ਅਰਪਣ ਕੀਤੇ ਗਏ। ਸ੍ਰੀ ਉੱਪਲ ਨੇ ਸਭਾ ਨੂੰ 11 ਹਜ਼ਾਰ ਰੁਪਏ ਦੀ ਸਹਾਇਤਾ ਰਕਮ ਭੇਟ ਕੀਤੀ ਹੈ। ਮੇਜਰ ਮਾਂਗਟ ਨੇ ਵਿਛੜ ਚੁੱਕੇ ਲੇਖਕ ਸੁਖਜੀਤ ਨਾਲ ਜੁੜੀਆਂ ਯਾਦਾਂ ਨੂੰ ਤਾਜ਼ਾ ਕੀਤਾ। ਇਸ ਦੌਰਾਨ ਸਭਾ ਦੇ ਦੂਜੇ ਸੈਸ਼ਨ ਵਿਚ ਕਵੀ ਦਰਬਾਰ ਹੋਇਆ ਜਿਸ ਵਿਚ ਵੱਖ ਵੱਖ ਸਾਹਿਤਕਾਰਾਂ ਨੇ ਰਚਨਾਵਾਂ ਸੁਣਾਈਆਂ। ਇਸ ਮੌਕੇ ਸਪਰੈਡ ਪਬਲੀਕੇਸ਼ਨਜ਼ ਅਤੇ ਦਿਲਦੀਪ ਪ੍ਰਕਾਸ਼ਨ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਲਾਈ ਗਈ।