For the best experience, open
https://m.punjabitribuneonline.com
on your mobile browser.
Advertisement

ਭਾਰਤੀ ਮੀਡੀਆ ’ਚ ਕ੍ਰਾਂਤੀ ਲਿਆਉਣ ਵਾਲਾ ਰਾਮੋਜੀ ਰਾਓ

12:14 PM Jun 16, 2024 IST
ਭਾਰਤੀ ਮੀਡੀਆ ’ਚ ਕ੍ਰਾਂਤੀ ਲਿਆਉਣ ਵਾਲਾ ਰਾਮੋਜੀ ਰਾਓ
ਰਾਮੋਜੀ ਰਾਓ
Advertisement

ਪ੍ਰੋ. ਡਾ. ਕ੍ਰਿਸ਼ਨ ਕੁਮਾਰ ਰੱਤੂ

ਭਾਰਤੀ ਮੀਡੀਆ ਦੀ ਉੱਘੀ ਹਸਤੀ ਰਾਮੋਜੀ ਰਾਓ ਇਸ ਦੁਨੀਆ ਵਿੱਚ ਨਹੀਂ ਰਿਹਾ। ਰਾਮੋਜੀ ਰਾਓ ਨੇ ਭਾਰਤੀ ਮੀਡੀਆ ਵਿੱਚ ਨਵਾਂ ਇਨਕਲਾਬ ਲਿਆਂਦਾ। ਉਸ ਨੇ ਦੋ ਦਹਾਕੇ ਪਹਿਲਾਂ ਤੇਲਗੂ ਅਖ਼ਬਾਰ ਇਨਾਡੂ ਸ਼ੁਰੂ ਕਰਕੇ ਘਰ ਘਰ ਤੇ ਗਲੀ ਮੁਹੱਲੇ ਦਾ ਅਖ਼ਬਾਰ ਅਰਥਾਤ ਲੋਕਲ ਅਖ਼ਬਾਰ ਦੀ ਕਲਪਨਾ ਨੂੰ ਸਾਕਾਰ ਕੀਤਾ।
ਉਹ ਭਾਰਤੀ ਮੀਡੀਆ ਵਿੱਚ ਅਜਿਹੀ ਕ੍ਰਾਂਤੀ ਦਾ ਮੋਢੀ ਸੀ ਜਿਸ ਨੇ ਭਾਰਤੀ ਪੱਤਰਕਾਰੀ ਦੀ ਪ੍ਰਿੰਟ ਮੀਡੀਆ ਸ਼ਾਖਾ ਦੇ ਨਾਲ ਫਿਲਮਾਂ ਅਤੇ ਰੇਡੀਓ ਟੀਵੀ ਤੋਂ ਇਲਾਵਾ ਹੋਰਨਾਂ ਕਾਰੋਬਾਰਾਂ ਵਿੱਚ ਵੀ ਤਰੱਕੀ ਕੀਤੀ। ਦਰਅਸਲ, ਰਾਮੋਜੀ ਰਾਓ ਭਾਰਤੀ ਮੀਡੀਆ ਦੀਆਂ ਉਨ੍ਹਾਂ ਸ਼ਖ਼ਸੀਅਤਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ ਆਪਣੀ ਧੁਨ ’ਚ ਮਸਤ ਹੋ ਕੇ ਹਮੇਸ਼ਾ ਨਵੀਆਂ ਸੰਭਾਵਨਾਵਾਂ ਤਲਾਸ਼ਦਾ ਰਿਹਾ।
ਰਾਮੋਜੀ ਰਾਓ ਦੇ ਇਸ ਦੁਨੀਆ ਤੋਂ ਵਿਦਾ ਹੋਣ ਦੀ ਖ਼ਬਰ ਆਈ ਤਾਂ ਇਉਂ ਲੱਗਿਆ ਜਿਵੇਂ ਭਾਰਤੀ ਪੱਤਰਕਾਰੀ, ਮੀਡੀਆ, ਫਿਲਮਾਂ ਅਤੇ ਟੈਲੀਵਿਜ਼ਨ ਦਾ ਇੱਕ ਯੁੱਗ ਖ਼ਤਮ ਹੋ ਗਿਆ ਹੈ। ਉਸ ਨੇ ਆਪਣੀ ਪਛਾਣ ਰਾਮੋਜੀ ਫਿਲਮ ਸਟੂਡੀਓ ਹੈਦਰਾਬਾਦ ਅਤੇ ਦਰਜਨਾਂ ਫਿਲਮਾਂ ਦੇ ਨਿਰਮਾਤਾ ਨਿਰਦੇਸ਼ਕ ਵਜੋਂ ਬਣਾਉਣ ਦੇ ਨਾਲ ਦੇਸ਼ ਨੂੰ ਨਵੀਆਂ ਤਕਨੀਕਾਂ ਵਾਲੇ ਨਵੇਂ ਮੀਡੀਆ ਦੇ ਰੂ-ਬ-ਰੂ ਕਰਵਾਇਆ।

Advertisement

ਰਾਮੋਜੀ ਰਾਓ ਵੱਲੋਂ ਬਣਾਈ ਫਿਲਮ ਸਿਟੀ ਦੇ ਦ੍ਰਿਸ਼।

ਉਹ ਰਾਮੋਜੀ ਫਿਲਮ ਸਿਟੀ, ਟੀਵੀ ਨੈੱਟਵਰਕ, ਡੌਲਫਿਨ ਹੋਟਲ ਸਮੂਹ, ਚਿੱਟ ਫੰਡ ਕੰਪਨੀ ਅਤੇ ਤੇਲਗੂ ਦੇ ਪ੍ਰਸਿੱਧ ਅਖ਼ਬਾਰ ‘ਇਨਾਡੂ’ ਦਾ ਮਾਲਕ ਸੀ। ਗ਼ੌਰਤਲਬ ਹੈ ਕਿ ‘ਇਨਾਡੂ’ ਦੇ ਕਈ ਐਡੀਸ਼ਨ ਲੋਕਲ ਮੁਹੱਲੇ ਅਤੇ ਜ਼ਿਲ੍ਹਾ ਪੱਧਰ ’ਤੇ ਛਾਪੇ ਜਾਂਦੇ ਹਨ। ਰਾਮੋਜੀ ਰਾਓ ਨੇ ਹੀ ਇਹ ਪਿਰਤ ਪਾਈ ਅਤੇ ਮਗਰੋਂ ਦੇਸ਼-ਵਿਦੇਸ਼ ਦੇ ਲਗਭਗ ਸਾਰੇ ਏਸ਼ਿਆਈ ਅਖਬ਼ਾਰਾਂ ਨੇ ਹਰ ਜ਼ਿਲ੍ਹੇ ਦੇ ਵੱਖਰੇ ਸੰਸਕਰਣ ਅਰਥਾਤ ਐਡੀਸ਼ਨ ਛਾਪਣੇ ਸ਼ੁਰੂ ਕੀਤੇ। ਇਸ ਨਾਲ ਤੇਜ਼ੀ ਨਾਲ ਸਥਾਨਕ ਖ਼ਬਰਾਂ ਦਾ ਇੱਕ ਵਿਆਪਕ ਨੈੱਟਵਰਕ ਅਤੇ ਲੋਕਾਂ ਨੂੰ ਜੋੜਨ ਦਾ ਸਿਲਸਿਲਾ ਸ਼ੁਰੂ ਹੋਇਆ ਜੋ ਅੱਜ ਵੀ ਕਾਮਯਾਬੀ ਨਾਲ ਚੱਲ ਰਿਹਾ ਹੈ।
ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਉਹ ਛੋਟੇ ਕਿਸਾਨ ਪਰਿਵਾਰ ਵਿੱਚ ਪੈਦਾ ਹੋਇਆ। ਬਾਅਦ ’ਚ ਉਸ ਨੇ ਆਪਣੇ ਬਿਜ਼ਨਸ ਤੇ ਕਲਾ ਸਾਹਿਤ ਦੇ ਨਾਲ ਨਾਲ ਪੱਤਰਕਾਰੀ ਦੇ ਖੇਤਰ ਵਿੱਚ ਆਪਣੀ ਧਾਂਕ ਜਮਾਈ। ਉਮਰ ਦੇ ਆਖ਼ਰੀ ਪੜਾਅ ਤੱਕ ਵੀ ਉਹ ਅਜਿਹੀ ਮੀਡੀਆ ਹਸਤੀ ਸੀ ਜਿਸ ਨੇ ਹਰ ਵਾਰ ਨਵੀਂ ਵਿਉਂਤਬੰਦੀ ਨਾਲ ਮੀਡੀਆ ਅਤੇ ਲੋਕਾਂ ਵਿੱਚ ਪਰਸਪਰ ਸਾਂਝ, ਸਹਿਯੋਗ ਤੇ ਖ਼ਬਰਾਂ ਤੇਜ਼ੀ ਨਾਲ ਪਹੁੰਚਾਉਣ ਦੇ ਵਸੀਲਿਆਂ ਬਾਰੇ ਹਮੇਸ਼ਾ ਹੀ ਨਵੀਆਂ ਖੋਜਾਂ ਕੀਤੀਆਂ।
ਮੈਨੂੰ ਉਸ ਨਾਲ ਰਾਮੋਜੀ ਫਿਲਮ ਸਿਟੀ ਦੇ ਸ਼ੁਰੂਆਤੀ ਦਿਨਾਂ ਵਿੱਚ ਮੁਲਾਕਾਤਾਂ ਕਰਨ ਦਾ ਸਮਾਂ ਮਿਲਿਆ। ਉਹ ਹਮੇਸ਼ਾ ਆਖਦਾ ਸੀ ਕਿ ਭਾਰਤ ਪਿੰਡਾਂ ਦਾ ਦੇਸ਼ ਹੈ ਜਿੰਨਾ ਚਿਰ ਤੱਕ ਅਸੀਂ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਦੇ ਸੁਖ, ਦੁਖ ਨੂੰ ਭਾਰਤੀ ਪੱਤਰਕਾਰੀ ਵਿੱਚ ਸ਼ਾਮਿਲ ਨਹੀਂ ਕਰਾਂਗੇ ਓਨੀ ਦੇਰ ਤੱਕ ਮੀਡੀਆ ਕ੍ਰਾਂਤੀ ਨਹੀਂ ਮੰਨੀ ਜਾਵੇਗੀ।
ਉਸ ਨੇ ਤਿਲੰਗਾਨਾ ਵਿੱਚ ਸਕੂਲ ਬਣਵਾਏ। ਉਸ ਨੇ ਰਾਮੋਜੀ ਫਿਲਮ ਸਿਟੀ ਬਣਵਾਈ ਜੋ ਹਜ਼ਾਰਾਂ ਏਕੜਾਂ ਵਿੱਚ ਫੈਲੀ ਹੋਈ ਹੈ। ਉਹ ਮੀਡੀਆ ਦੀ ਦਿੱਗਜ ਹਸਤੀ ਅਤੇ ਉਦਯੋਗਪਤੀ ਸੀ। ਉਸ ਨੂੰ ਪੂਰੇ ਦੇਸ਼ ਵਿੱਚ ਮੀਡੀਆ ਕ੍ਰਾਂਤੀ ਦੇ ਦੂਤ ਵਜੋਂ ਦੇਖਿਆ ਜਾਂਦਾ ਸੀ। ਉਸ ਦਾ 1961 ਵਿੱਚ ਰਮਾ ਦੇਵੀ ਨਾਲ ਵਿਆਹ ਹੋਇਆ। ਉਨ੍ਹਾਂ ਦੋਵਾਂ ਦਾ ਇੱਕ ਪੁੱਤਰ ਚਿਰੂਕਰੀ ਰਾਮੋਜੀ ਰਾਓ ਸੁਮਨ 2012 ਵਿੱਚ ਚੱਲ ਵਸਿਆ ਸੀ। ਇਸ ਸਦਮੇ ਨੂੰ ਉਸ ਨੇ ਰੱਬ ਦਾ ਭਾਣਾ ਮੰਨ ਕੇ ਜਰਿਆ। ਉਹ ਅਕਸਰ ਆਖਦਾ ਕਿ ਪਰਮਾਤਮਾ ਦੀ ਮਰਜ਼ੀ ਹੈ, ਜਿਵੇਂ ਉਹ ਰੱਖੇ ਉਵੇਂ ਹੀ ਰਹਿਣਾ ਪੈਂਦਾ ਹੈ।
ਆਮ ਆਦਮੀ ਤੋਂ ਮੀਡੀਆ ਜਗਤ ਦੀ ਉੱਘੀ ਹਸਤੀ ਬਣ ਚੁੱਕਿਆ ਇਹ ਸ਼ਖ਼ਸ ਹਰ ਵਾਰ ਮੁਲਾਕਾਤ ਵਿੱਚ ਆਖਦਾ ਸੀ ਕਿ ਇਹ ਜ਼ਿੰਦਗੀ ਕਰਾਮਾਤਾਂ ਦੀ ਬਦੌਲਤ ਨਹੀਂ ਸਗੋਂ ਲਗਾਤਾਰ ਸੰਘਰਸ਼ ਸਦਕਾ ਹੈ ਜਿਸ ਨੂੰ ਮਾਣਿਆ ਜਾ ਸਕਦਾ ਹੈ; ਜ਼ਿੰਦਗੀ ਹਮੇਸ਼ਾ ਹੀ ਨਵੇਂ ਦੁਆਰ ਖੋਲ੍ਹਦੀ ਹੈ ਅਤੇ ਇਹ ਤੁਹਾਡੀ ਹਿੰਮਤ ਹੈ ਕਿ ਤੁਸੀਂ ਉਨ੍ਹਾਂ ਦਰਵਾਜ਼ਿਆਂ ਰਾਹੀਂ ਇੱਕ ਅਗਲੇਰੀ ਦੁਨੀਆ ਦੇਖ ਸਕੋ ਜਿੱਥੇ ਭਵਿੱਖ ਦੀ ਜ਼ਿੰਦਗੀ ਦਾ ਨਵਾਂ ਸੂਰਜ ਤੇ ਨਵੀਂ ਸਵੇਰ ਦਿਖਾਈ ਦਿੰਦੀ ਹੈ।
ਰਾਮੋਜੀ ਰਾਓ ਨੇ ਦੇਸ਼ ਵਿੱਚ ਪ੍ਰਿੰਟ ਮੀਡੀਆ ਤੋਂ ਲੈ ਕੇ ਫਿਲਮ ਅਤੇ ਟੈਲੀਵਿਜ਼ਨ ਜਗਤ ’ਚ ਸਥਾਨਕ ਭਾਸ਼ਾ ਅਤੇ ਸੱਭਿਆਚਾਰਕ ਲੀਹਾਂ ਨੂੰ ਪੱਕਿਆਂ ਕੀਤਾ। ਉਸ ਨੇ ਤੇਲਗੂ, ਕੰਨੜ, ਹਿੰਦੀ ਅਤੇ ਹੋਰ ਭਾਸ਼ਾਵਾਂ ਵਿੱਚ ਫਿਲਮਾਂ ਦਾ ਨਿਰਮਾਣ ਕੀਤਾ। ਬੰਗਾਲੀ ਵਿੱਚ ਉਸ ਦੀ ਇੱਕ ਮਸ਼ਹੂਰ ਫਿਲਮ ‘ਡਾ. ਮਿਸ਼ਨਰੀ ਦੀ ਡਾਇਰੀ’ ਸੀ ਜਿਹੜੀ ਅਸਲ ਵਿੱਚ ਟੈਲੀਫਿਲਮ ਸੀ ਜੋ ਬੇਹੱਦ ਮਕਬੂਲ ਹੋਈ। ਉਸ ਨੇ ਜ਼ਿੰਦਗੀ ਨੂੰ ਪੂਰਾ ਮਾਣਿਆ ਅਤੇ ਪਰਦੇ ’ਤੇ ਜ਼ਿਕਰਯੋਗ ਬਣਾਇਆ। ਉਸ ਦੀ ਫਿਲਮ ‘ਨਾਚੇ ਮਯੂਰੀ’ ਸਿਲਵਰ ਜੁਬਲੀ ਫਿਲਮ ਸਾਬਤ ਹੋਈ। ਉਸ ਦੇ ਕੀਤੇ ਕਾਰਜਾਂ ਬਦਲੇ 2016 ਵਿੱਚ ਭਾਰਤ ਸਰਕਾਰ ਨੇ ਪਦਮ ਵਿਭੂਸ਼ਣ ਵਰਗੇ ਨਾਲ ਸਨਮਾਨਿਆ। ਬਾਅਦ ਵਿੱਚ ਉਸ ਨੂੰ ਹੋਰ ਪੁਰਸਕਾਰਾਂ ਨਾਲ ਵੀ ਨਿਵਾਜਿਆ ਗਿਆ ਜਿਨ੍ਹਾਂ ਵਿੱਚ ਫਿਲਮਫੇਅਰ ਪੁਰਸਕਾਰ ਵੀ ਸ਼ਾਮਲ ਹੈ।
ਰਾਮੋਜੀ ਰਾਓ ਨੇ ਰਾਮੋਜੀ ਫਿਲਮ ਸਿਟੀ ਜਗਤ ਪ੍ਰਸਿੱਧ ਹੌਲੀਵੁੱਡ ਦੀਆਂ ਲੀਹਾਂ ’ਤੇ ਉਸਾਰੀ। ਇਸ ਦਾ ਸਭ ਤੋਂ ਅਹਿਮ ਪਹਿਲੂ ਇਹ ਹੈ ਕਿ ਇੱਥੇ 25 ਤੋਂ ਲੈ ਕੇ 30 ਫਿਲਮਾਂ ਤੱਕ ਦੀ ਇੱਕੋ ਵੇਲੇ ਸ਼ੂਟਿੰਗ ਕੀਤੀ ਜਾ ਸਕਦੀ ਹੈ। ਇੱਥੇ 50 ਤੋਂ ਜ਼ਿਆਦਾ ਸ਼ੂਟਿੰਗ ਫਲੋਰ ਹਨ ਅਤੇ ਅੱਜ ਤੱਕ ਕੁੱਲ ਮਿਲਾ ਕੇ 25,000 ਫਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਹੈ। ਫਿਲਮਾਂ ‘ਬਾਹੂਬਲੀ’, ‘ਚੇਨੱਈ ਐਕਸਪ੍ਰੈਸ’, ‘ਗੋਲਮਾਲ’, ‘ਨਾਇਕ’ ਤੋਂ ਇਲਾਵਾ ਕਈ ਟੈਲੀਵਿਜ਼ਨ ਲੜੀਵਾਰਾਂ ਦੀਆਂ ਹਜ਼ਾਰਾਂ ਕਿਸ਼ਤਾਂ ਇੱਥੇ ਬਣੀਆਂ ਹਨ।
ਰਾਮੋਜੀ ਰਾਓ ਬੇਹੱਦ ਸ਼ਾਂਤੀਪਸੰਦ ਅਤੇ ਗੁੱਸੇ ਵਿੱਚ ਨਾ ਆਉਣ ਵਾਲਾ ਇੱਕ ਭਾਵੁਕ ਆਦਮੀ ਸੀ ਜਿਸ ਨੇ ਕਲਾ ਦੀ ਨਵੀਂ ਪਛਾਣ ਬਣਾਉਣ ਤੇ ਤਕਨੀਕ ਵਿਕਸਤ ਕਰਨ ਲਈ ਵੱਡਾ ਜੋਖ਼ਮ ਲਿਆ। ਉਹ ਸਿਰੜ ਨਾਲ ਦਿਨ ਰਾਤ ਕੰਮ ਕਰਨ ਵਾਲਾ ਅਤੇ ਉਮਰ ਨੂੰ ਭੁਲਾ ਕੇ ਅੱਗੇ ਵਧਣ ਵਾਲਾ ਅਜਿਹਾ ਦੋਸਤ ਸੀ ਜੋ ਕਿਸੇ ਛੋਟੇ ਤਕਨੀਕੀ ਕਰਮਚਾਰੀ ਤੋਂ ਲੈ ਕੇ ਕਿਸੇ ਵੱਡੇ ਨਿਰਮਾਤਾ ਨਿਰਦੇਸ਼ਕ ਨਾਲ ਵੀ ਖੁੱਲ੍ਹ ਕੇ ਗੱਲ ਕਰ ਸਕਦਾ ਸੀ। ਇਹ ਹੀ ਉਸ ਦੀ ਜ਼ਿੰਦਗੀ ਦਾ ਅਸਲ ਰਾਜ਼ ਸੀ ਜਿਸ ਨੇ ਉਸ ਨੂੰ ਇਸ ਮਰਹੱਲੇ ਤੱਕ ਪਹੁੰਚਾਇਆ। ਉਸ ਦਾ ਇਹ ਵੀ ਮੱਤ ਸੀ ਕਿ ਜ਼ਿੰਦਗੀ ਮਨੋਰੰਜਨ ਭਰੀ ਹੋਣੀ ਚਾਹੀਦੀ ਹੈ। ਇਸ ਵਿਚਾਰ ਨੂੰ ਉਸ ਨੇ ਆਪਣੀ ਰਾਮੋਜੀ ਫਿਲਮ ਸਿਟੀ ਦੇ ਹਜ਼ਾਰਾਂ ਏਕੜ ਵਿੱਚ ਫੈਲੇ ਰੰਗੀਨ ਪਹਾੜੀ ਅਤੇ ਨਦੀਆਂ ਝਰਨਿਆਂ ਦੇ ਦ੍ਰਿਸ਼ਾਂ ਨਾਲ ਸਾਕਾਰ ਕੀਤਾ।
ਮਿਹਨਤੀ, ਦਿਲਦਾਰ, ਵੱਡੇ ਦਿਲ ਦੇ ਮਾਲਕ ਅਤੇ ਭਾਰਤ ਦੀ ਮੀਡੀਆ ਕ੍ਰਾਂਤੀ ਦੇ ਮੋਢੀ ਨੂੰ ਹਜ਼ਾਰਾਂ ਸਲਾਮ।।
ਅਲਵਿਦਾ ਰਾਮੋਜੀ ਰਾਓ!
* ਉੱਘਾ ਬ੍ਰਾਡਕਾਸਟਰ ਅਤੇ ਸਾਬਕਾ ਉਪ ਮਹਾਨਿਰਦੇਸ਼ਕ, ਦੂਰਦਰਸ਼ਨ।
ਸੰਪਰਕ: 94787-30156

Advertisement
Author Image

sukhwinder singh

View all posts

Advertisement
Advertisement
×