ਜਲਦੀ ਹੀ ਐਲਾਨੀ ਜਾ ਸਕਦੀ ਹੈ ਭਾਜਪਾ ਵੱਲੋਂ ਰਮਿੰਦਰ ਆਵਲਾ ਦੀ ਟਿਕਟ
ਟੋਨੀ ਛਾਬੜਾ
ਜਲਾਲਾਬਾਦ, 31 ਮਾਰਚ
ਪਿਛਲੇ ਕਾਫੀ ਸਮੇਂ ਤੋਂ ਭਾਜਪਾ ਦੀ ਹਲਕਾ ਫਿਰੋਜ਼ਪੁਰ ਤੋਂ ਟਿਕਟ ਦੀ ਉਡੀਕ ਕਰ ਰਹੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੀ ਟਿਕਟ ਜਲਦੀ ਹੀ ਫਾਈਨਲ ਹੋਣ ਦੇ ਚਰਚੇ ਹਨ। ਲੀਡਰਾਂ ਦੇ ਆਪਸੀ ਰੇੜਕੇ ਕਾਰਨ ਟਿਕਟ ਦਾ ਐਲਾਨ ਲੇਟ ਹੋ ਰਿਹਾ ਹੈ। ਹਾਈ ਕਮਾਨ ਟਿਕਟ ਵਿੱਚ ਰੇੜਕਾ ਡਾਹ ਰਹੇ ਲੀਡਰਾਂ ਨੂੰ ਮਨਾਉਣ ਵਿੱਚ ਲੱਗੀ ਹੈ ਕਿਉਂਕਿ ਲੋਕਸਭਾ ਹਲਕਾ ਫਿਰੋਜ਼ਪੁਰ ਵਿੱਚ ਆਵਲਾ ਪਰਿਵਾਰ ਦਾ ਨਿੱਜੀ ਵੋਟ ਬੈਂਕ ਹਜ਼ਾਰਾਂ ਦੀ ਗਿਣਤੀ ਵਿੱਚ ਹੈ, ਜਿਸਨੂੰ ਪਾਰਟੀ ਕੈਸ਼ ਕਰਨਾ ਚਾਹੁੰਦੀ ਹੈ। ਜਿਸ ਤਰ੍ਹਾਂ ਸ਼੍ਰੀ ਆਵਲਾ ਦੀ ਟਿਕਟ ਅਨਾਉੰਸ ਕਰਨ ਵਿੱਚ ਦੇਰੀ ਹੋ ਰਹੀ ਹੈ, ਉਸ ਨਾਲ ਪਾਰਟੀ ਨੂੰ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਦੂਜੇ ਪਾਸੇ ਜਿਸ ਤਰ੍ਹਾਂ ਕਾਂਗਰਸ ਵੱਲੋਂ ਕੁਲਬੀਰ ਸਿੰਘ ਜ਼ੀਰਾ ਅਤੇ ਅਕਾਲੀ ਦਲ ਵੱਲੋਂ ਨੇਤਾ ਬੋਬੀ ਮਾਨ ਨੂੰ ਇਸ ਹਲਕੇ ਤੋਂ ਉਮੀਦਵਾਰ ਉਤਾਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਉਸਨੂੰ ਦੇਖਦੇ ਹੋਏ ਭਾਜਪਾ ਨੂੰ ਵੀ ਰਮਿੰਦਰ ਆਵਲਾ ਦੀ ਉਮੀਦਵਾਰੀ ਦਾ ਤੁਰੰਤ ਐਲਾਨ ਕਰ ਦੇਣਾ ਚਾਹੀਦਾ ਹੈ ਕਿਉਂਕਿ ਭਾਜਪਾ ਦੇ ਨਵੇਂ ਨਵੇਂ ਸੂਬਾ ਪ੍ਰਧਾਨ ਬਣੇ ਸੁਨੀਲ ਜਾਖੜ ਦਾ ਇਹ ਹਲਕਾ ਹੋਮ ਗਰਾਊਂਡ ਹੈ ਅਤੇ ਜੇਕਰ ਜਾਖੜ ਨੇ ਪੰਜਾਬ ਭਰ ਵਿੱਚ ਆਪਣੀ ਧਾਕ ਜਮਾਉਣੀ ਹੈ ਤਾਂ ਆਪਣੇ ਹੋਮ ਗਰਾਊਂਡ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਆਵਲਾ ਵਰਗਾ ਧਾਕੜ ਖਿਡਾਰੀ ਰਾਜਨੀਤਕ ਮੈਦਾਨ ਵਿੱਚ ਉਤਾਰਨਾ ਪਵੇਗਾ।