ਸੁਪਰੀਮ ਕੋਰਟ ਵੱਲੋਂ ਰਾਮਦੇਵ ਤੇ ਬਾਲਕ੍ਰਿਸ਼ਨ ਦੀ ਝਾੜ-ਝੰਬ
ਨਵੀਂ ਦਿੱਲੀ, 2 ਅਪਰੈਲ
ਸੁਪਰੀਮ ਕੋਰਟ ਨੇ ਗੁੰਮਰਾਹਕੁਨ ਇਸ਼ਤਿਹਾਰ ਮਾਮਲੇ ਵਿੱਚ ਪਤੰਜਲੀ ਆਯੁਰਵੇਦ ਦੇ ਬਚਾਅ ’ਤੇ ਅੱਜ ਨਾਰਾਜ਼ਗੀ ਪ੍ਰਗਟ ਕਰਦਿਆਂ ਯੋਗਗੁਰੂ ਰਾਮਦੇਵ ਅਤੇ ਪਤੰਜਲੀ ਆਯੁਰਵੇਦ ਦੇ ਮੈਨੇਜਿੰਗ ਡਾਇਰੈਕਟਰ ਅਚਾਰੀਆ ਬਾਲਕ੍ਰਿਸ਼ਨ ਦੀ ਮੁਆਫ਼ੀ ਨੂੰ ‘ਕੋਰੀ ਬਿਆਨਬਾਜ਼ੀ’ ਦੱਸਦਿਆਂ ਦੋਹਾਂ ਦੀ ਝਾੜ ਝੰਬ ਕੀਤੀ। ਸਿਖਰਲੀ ਅਦਾਲਤ ਨੇ ਇਸ ਦੇ ਨਾਲ ਹੀ ਝੂਠੀ ਗਵਾਹੀ ਖ਼ਿਲਾਫ਼ ਦੋਵਾਂ ਨੂੰ ਚਿਤਾਵਨੀ ਵੀ ਦਿੱਤੀ।
ਜਸਟਿਸ ਹਿਮਾ ਕੋਹਲੀ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਆਪਣੇ ਉਤਪਾਦਾਂ ਦੀ ਪ੍ਰਭਾਵਸ਼ੀਲਤਾ ਬਾਰੇ ਪਤੰਜਲੀ ਦੇ ਵੱਡੇ-ਵੱਡੇ ਦਾਅਵਿਆਂ ਅਤੇ ਕੋਵਿਡ ਮਹਾਮਾਰੀ ਦੌਰਾਨ ਐਲੋਪੈਥੀ ਨੂੰ ਬਦਨਾਮ ਕਰਨ ਦੇ ਮਾਮਲੇ ਵਿੱਚ ਕੇਂਦਰ ਵੱਲੋਂ ਕਦਮ ਨਾ ਚੁੱਕਣ ’ਤੇ ਸਵਾਲ ਉਠਾਉਂਦਿਆਂ ਪੁੱਛਿਆ ਕਿ ਸਰਕਾਰ ਨੇ ਅੱਖਾਂ ਕਿਉਂ ਬੰਦ ਰੱਖੀਆਂ? ਸਵਾਮੀ ਰਾਮਦੇਵ ਅਤੇ ਬਾਲਕ੍ਰਿਸ਼ਨ ਦੋਵੇਂ ਕਾਰਨ ਦੱਸੋ ਨੋਟਿਸ ਦੇ ਮਾਮਲੇ ਵਿੱਚ ਅਦਾਲਤ ਵਿੱਚ ਮੌਜੂਦ ਸਨ। ਕਾਰਨ ਦੱਸੋ ਨੋਟਿਸ ਵਿੱਚ ਪੁੱਛਿਆ ਗਿਆ ਸੀ ਕਿ ਕਿਉਂ ਨਾ ਉਨ੍ਹਾਂ ਖ਼ਿਲਾਫ਼ ਮਾਣਹਾਨੀ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ? ਬੈਂਚ ਵਿੱਚ ਜਸਟਿਸ ਅਹਿਸਾਨੂਦੀਨ ਅਮਾਨੁੱਲ੍ਹਾ ਵੀ ਸ਼ਾਮਲ ਸਨ। ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 10 ਅਪਰੈਲ ਲਈ ਤੈਅ ਕਰਦਿਆਂ ਕਿਹਾ ਕਿ ਉਸ ਦਿਨ ਰਾਮਦੇਵ ਅਤੇ ਬਾਲਕ੍ਰ਼ਿਸ਼ਨ ਦੋਵਾਂ ਨੂੰ ਮੁੜ ਪੇਸ਼ ਹੋਣਾ ਹੋਵੇਗਾ। ਬੈਂਚ ਨੇ ਉਨ੍ਹਾਂ ਨੂੰ ਹਲਫ਼ਨਾਮਾ ਦਾਖ਼ਲ ਕਰਨ ਲਈ ਇੱਕ ਹਫ਼ਤੇ ਦਾ ਆਖ਼ਰੀ ਮੌਕਾ ਦਿੰਦਿਆਂ ਉਸ ਹਲਫ਼ ਦੀ ‘ਪੂਰੀ ਤਰ੍ਹਾਂ ਅਵੱਗਿਆ’ ਕਰਨ ’ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਜੋ ਦੋਵਾਂ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਵੱਲੋਂ ਦਾਇਰ ਮਾਮਲੇ ਵਿੱਚ ਉਸ ਦੇ ਸਾਹਮਣੇ ਦਾਖ਼ਲ ਕੀਤੀ ਸੀ। ਬੈਂਚ ਨੇ ਅਦਾਲਤ ਵਿੱਚ ਨਿੱਜੀ ਤੌਰ ’ਤੇ ਪੇਸ਼ ਹੋਏ ਸਵਾਮੀ ਰਾਮਦੇਵ ਅਤੇ ਬਾਲਕ੍ਰਿਸ਼ਨ ਨੂੰ ਕਿਹਾ, ‘‘ਤੁਹਾਨੂੰ ਅਦਾਲਤ ਵਿੱਚ ਦਿੱਤੇ ਗਏ ਵਾਅਦੇ ਦੀ ਪਾਲਣਾ ਕਰਨੀ ਹੋਵੇਗੀ। ਤੁਸੀਂ ਸਾਰੀਆਂ ਹੱਦਾਂ ਪਾਰ ਕੀਤੀਆਂ ਹਨ।’’
ਰਾਮਦੇਵ ਤੇ ਬਾਲਕ੍ਰਿਸ਼ਨ ਨੂੰ ਸਖ਼ਤ ਫਟਕਾਰ ਲਾਉਂਦਿਆਂ ਜਸਟਿਸ ਕੋਹਲੀ ਨੇ ਕਿਹਾ ਕਿ ਅਦਾਲਤ ਭਰੋਸਾ ਨਾ ਹੋਣ ਦੇ ਬਾਵਜੂਦ ਉਨ੍ਹਾਂ ਦੀ ਮੁਆਫ਼ੀ ਨੂੰ ਸਵੀਕਾਰ ਕਰ ਰਹੀ ਹੈ। ਬੈਂਚ ਨੇ ਰਾਮਦੇਵ ਤੇ ਬਾਲਕ੍ਰਿਸ਼ਨ ਨੂੰ ਚਿਤਾਵਨੀ ਵੀ ਦਿੱਤੀ ਕਿ ਉਹ ‘ਹਲਫ਼ ਦੀ ਉਲੰਘਣਾ’ ਦਾ ਵੀ ਨੋਟਿਸ ਲਵੇਗੀ ਕਿਉਂਕਿ ਕੁੱਝ ਦਸਤਾਵੇਜ਼, ਜਿਨ੍ਹਾਂ ਬਾਰੇ ਕਿਹਾ ਗਿਆ ਕਿ ਉਹ ਹੋਰ ਕਾਗਜ਼ਾਤ ਨਾਲ ਨੱਥੀ ਸਨ, ਬਾਅਦ ਵਿੱਚ ਬਣਾਏ ਗਏ ਸਨ। -ਪੀਟੀਆਈ