ਮਜ਼ਦੂਰ ਪਰਿਵਾਰ ਦੀ ਧੀ ਰਮਨਦੀਪ ਕੌਰ ਜੱਜ ਬਣੀ
ਬੀਰਬਲ ਰਿਸ਼ੀ
ਸ਼ੇਰਪੁਰ, 13 ਅਕਤੂਬਰ
ਇੱਥੇ ਮਜ਼ਦੂਰ ਪਰਿਵਾਰ ਨਾਲ ਸਬੰਧਤ ਰਾਜਗਿਰੀ ਦਾ ਕੰਮ ਕਰਦੇ ਮਿਸਤਰੀ ਨਾਹਰ ਸਿੰਘ ਦੀ ਧੀ ਰਮਨਦੀਪ ਕੌਰ ਜੱਜ ਬਣ ਗਈ ਹੈ। ਇਸ ਪ੍ਰਤੀਨਿਧ ਨਾਲ ਮੋਬਾਈਲ ਫੋਨ ’ਤੇ ਗੱਲਬਾਤ ਦੌਰਾਨ ਰਮਨਦੀਪ ਕੌਰ ਨੇ ਦੱਸਿਆ ਕਿ ਪੈਰ-ਪੈਰ ’ਤੇ ਉਸ ਦਾ ਆਰਥਿਕ ਤੰਗੀਆਂ ਤੁਰਸ਼ੀਆਂ ਨੇ ਰਾਹ ਰੋਕਿਆ। ਉਸ ਨੂੰ ਵਕੀਲ ਬਣਨ ਦਾ ਜਨੂੰਨ ਸੀ ਜਿਸ ਕਰਕੇ ਆਪਣੇ ਛੋਟੇ ਭਰਾ ਮਨਦੀਪ ਸਿੰਘ ਅਤੇ ਭੈਣ ਗਗਨਦੀਪ ਕੌਰ ਦਾ ਵਿਆਹ ਹੋਣ ਦੇ ਬਾਵਜੂਦ ਉਸ ਨੇ ਖੁਦ ਵਿਆਹ ਨਾ ਕਰਵਾਇਆ। ਆਪਣੀ ਪੜ੍ਹਾਈ ਲਈ ਮਾਂ ਨਾਲ ਦਰੀਆਂ ਬਣਾਉਣੀਆਂ, ਹੋਰ ਨਿੱਕੇ ਮੋਟੇ ਕੰਮਾਂ ਤੋਂ ਇਲਾਵਾ ਬੱਚਿਆਂ ਨੂੰ ਟਿਊਸ਼ਨਾਂ ਪੜ੍ਹਾ ਕੇ ਉਸ ਨੇ ਆਪਣੀ ਪੜ੍ਹਾਈ ਜਾਰੀ ਰੱਖੀ। ਬਾਰ੍ਹਵੀ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ, ਗਰੈਜੂਏਸ਼ਨ ਸਰਕਾਰੀ ਕਾਲਜ ਮਾਲੇਰਕੋਟਲਾ ਅਤੇ ਐਲਐਲਬੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ। ਰਮਨਦੀਪ ਕੌਰ ਨੇ ਦੱਸਿਆ ਕਿ ਵਕੀਲ ਤੋਂ ਜੱਜ ਬਣਨ ਦੀ ਇੱਛਾ ਉਸ ਸਮੇਂ ਜਾਗੀ ਜਦੋਂ ਪ੍ਰੈਕਟਿਸ ਦੌਰਾਨ ਉਸ ਨੇ ਉੱਚ ਅਦਾਲਤ ’ਚ ਦੋਵੇਂ ਹੱਥਾਂ ਤੋਂ ਅਪਾਹਜ ਮਹਿਲਾ ਨੂੰ ਜੱਜ ਦੇ ਵੱਕਾਰੀ ਅਹੁਦੇ ’ਤੇ ਦੇਖਿਆ।
ਆਰਜ਼ੂ ਨੇ ਜੱਜ ਬਣ ਕੇ ਡਰਾਈਵਰ ਪਿਤਾ ਦੀ ਮਿਹਨਤ ਦਾ ਮੁੱਲ ਮੋੜਿਆ
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਪ੍ਰਤਾਪ ਕਲੋਨੀ ਰਾਜਪੁਰਾ ਦੀ ਵਸਨੀਕ ਆਰਜ਼ੂ ਗਿੱਲ ਨੇ ਜੱਜ ਬਣ ਕੇ ਆਪਣੇ ਮਾਪਿਆਂ ਅਤੇ ਰਾਜਪੁਰਾ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਪੀਸੀਐੱਸ ਜੁਡੀਸ਼ਲ ਦਾ ਪਹਿਲੀ ਵਾਰ ਦਿੱਤੇ ਇਮਤਿਹਾਨ ਵਿੱਚ ਉਸ ਨੇ ਗਿਆਰ੍ਹਵਾਂ ਸਥਾਨ ਹਾਸਲ ਕੀਤਾ ਹੈ। ਉਸ ਦੇ ਪਿਤਾ ਬੀਐਸਐਨਐਲ ਵਿੱਚ ਡਰਾਈਵਰ ਵਜੋਂ ਨੌਕਰੀ ਕਰਦੇ ਹਨ। ਇਸ ਮੌਕੇ ਆਰਜ਼ੂ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਉਸ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਬੜੀ ਮਿਹਨਤ ਕੀਤੀ ਹੈ। ਜੁਡੀਸ਼ਲ ਦਾ ਪੇਪਰ ਪਾਸ ਕਰਨ ਲਈ ਉਸ ਨੇ 12-12 ਘੰਟੇ ਪੜ੍ਹਾਈ ਕੀਤੀ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੀਆਂ ਬੇਟੀਆਂ ਨੂੰ ਸਹੀ ਦਿਸ਼ਾ ਦੇ ਕੇ ਪੜ੍ਹਾਈ ਕਰਨ ਦਾ ਮੌਕਾ ਦੇਣ ਤਾਂ ਜੋ ਉਹ ਜ਼ਿੰਦਗੀ ਵਿਚ ਕਾਮਯਾਬ ਹੋ ਸਕਣ। ਆਰਜ਼ੂ ਦੇ ਪਿਤਾ ਰਵੀ ਕੁਮਾਰ ਨੇ ਦੱਸਿਆ ਕਿ ਉਸ ਦੀ ਬੇਟੀ ਨੇ ਉਸ ਦਾ ਸੁਫ਼ਨਾ ਪੂਰਾ ਕੀਤਾ ਹੈ।ਇਸ ਮੌਕੇ ਬੀਐਸਐਨਐਲ ਤੋਂ ਸੇਵਾ ਮੁਕਤ ਕੁਲਦੀਪ ਸਾਹਿਲ ਵੀ ਮੌਜੂਦ ਸਨ।
ਚਾਰ ਜਣਿਆਂ ਨੇ ਜੱਜ ਬਣ ਕੇ ਧੂਰੀ ਦਾ ਨਾਮ ਚਮਕਾਇਆ
ਧੂਰੀ (ਹਰਦੀਪ ਸਿੰਘ ਸੋਢੀ): ਪੰਜਾਬ ਸਿਵਲ ਸੇਵਾਵਾਂ (ਜੁਡੀਸ਼ਲ) ਦੇ ਐਲਾਨੇ ਗਏ ਨਤੀਜਿਆਂ ਵਿੱਚ ਧੂਰੀ ਦੇ ਹੋਣਹਾਰ ਮੁੰਡੇ-ਕੁੜੀਆਂ ਨੇ ਮਾਣਮੱਤਾ ਸਥਾਨ ਪ੍ਰਾਪਤ ਕਰਕੇ ਧੂਰੀ ਅਤੇ ਆਪਣੇ ਮਾਪਿਆਂ ਦਾ ਨਾਮ ਚਮਕਾਇਆ ਹੈ। ਸ਼ਹਿਰ ਦੇ ਜੇ.ਪੀ ਰਾਈਸ ਮਿੱਲਜ਼ ਦੇ ਮਾਲਕ ਪ੍ਰਦੀਪ ਸਿੰਗਲਾ ਦੀ ਬੇਟੀ ਨਿਹਾਰਿਕਾ ਸਿੰਗਲਾ ਜੱਜ ਬਣ ਗਈ ਹੈ। ਨਿਹਾਰਿਕਾ ਸਿੰਗਲਾ ਨੇ ਦੱਸਿਆ ਕਿ ਉਸ ਨੇ ਆਪਣੇ ਭਰਾ ਮਰਹੂਮ ਸਾਹਿਲ ਸਿੰਗਲਾ (ਸਿਵਲ ਜੱਜ) ਦਾ ਸੁਪਨਾ ਪੂਰਾ ਕੀਤਾ ਹੈ। ਨਿਹਾਰਿਕਾ ਸਿੰਗਲਾ ਨੇ 27ਵਾਂ ਰੈਂਕ ਹਾਸਲ ਕੀਤਾ ਹੈ। ਇਸੇ ਤਰ੍ਹਾਂ ਪ੍ਰਿੰਸੀਪਲ ਸਵ. ਆਰ ਪੀ ਸ਼ਰਮਾ ਦੇ ਬੱਚੇ ਅਭਿਸ਼ੇਕ ਪਾਠਕ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਅਧੀਨ ਜੁਡੀਸ਼ਰੀ ਪ੍ਰੀਖਿਆ ਪਹਿਲੀ ਵਾਰ ਕਲੀਅਰ ਕੀਤੀ। ਅਭਿਸ਼ੇਕ ਪਾਠਕ ਨੇ ਜੱਜ ਬਣ ਕੇ ਆਪਣੇ ਮਾਤਾ ਨੀਲਮ ਸ਼ਰਮਾ ਅਤੇ ਪਿਤਾ ਸੁਸ਼ੀਲ ਕੁਮਾਰ ਪਾਠਕ ਦਾ ਨਾਂ ਰੌਸ਼ਨ ਕੀਤਾ। ਅਭਿਸ਼ੇਕ ਪਾਠਕ ਨੇ 35 ਵਾਂ ਰੈਂਕ ਹਾਸਲ ਕੀਤਾ ਹੈ। ਇਸੇ ਤਰ੍ਹਾਂ ਸ਼ਹਿਰ ਦੇ ਉਦਯੋਗਪਤੀ ਯਸ਼ਪਾਲ ਗੋਇਲ ਐਚਐਮਟੀ ਵਾਲਿਆਂ ਦੇ ਬੇਟਾ ਕੁਨਾਲ ਗੋਇਲ ਨੇ ਜੱਜ ਬਣਦਿਆਂ 47ਵਾਂ ਰੈਂਕ ਹਾਸਲ ਕਰਕੇ ਅਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸੇ ਤਰ੍ਹਾਂ ਯੋਗੇਸ਼ ਗੋਇਲ ਕਾਲਾ ਦੀ ਬੇਟੀ ਹਿਮਾਨੀ ਗੁਪਤਾ ਨੇ ਵੀ ਜੱਜ ਬਣ ਕੇ ਆਪਣੇ ਮਾਤਾ-ਪਿਤਾ ਦਾ ਸੁਪਨਾ ਪੂਰਾ ਕੀਤਾ ਹੈ।
ਪਟਿਆਲਾ ਦੀ ਨਵਨੀਤ ਕੌਰ ਨੇ ਪਹਿਲੇ ਪੜਾਅ ’ਚ ਪ੍ਰੀਖਿਆ ਪਾਸ ਕੀਤੀ
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਪਟਿਆਲਾ ਸ਼ਹਿਰ ਦੀ ਭਾਦਸੋਂ ਰੋਡ ਅਮਨ ਵਿਹਾਰ ਦੀ ਰਹਿਣ ਵਾਲੀ ਨਵਨੀਤ ਕੌਰ ਪੁੱਤਰੀ ਗੁਰਮੀਤ ਸਿੰਘ ਬਾਗੜੀ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਐਲਾਨੇ ਨਤੀਜਿਆਂ ਵਿੱਚ ਪੰਜਾਬ ਸੇਵਾ ਸਰਵਿਸ (ਜੁਡੀਸ਼ਲ) ਦੇ ਪਹਿਲੇ ਪੜਾਅ ਵਿੱਚ ਜੱਜ ਦਾ ਅਹੁਦਾ ਹਾਸਲ ਕੀਤਾ ਹੈ। ਨਵਨੀਤ ਕੌਰ ਨੇ ਮੁੱਢਲੀ ਪੜ੍ਹਾਈ ਸ੍ਰੀ ਦਸਮੇਸ਼ ਪਬਲਿਕ ਸਕੂਲ ਮਾਡਲ ਟਾਊਨ ਅਤੇ ਬਾਰ੍ਹਵੀਂ ਡੀਏਵੀ ਸਕੂਲ ਪਟਿਆਲਾ ਤੋਂ ਕਰ ਕੇ ਕਲੈਟ ਦੇ ਟੈਸਟ ਰਾਹੀਂ ਰਾਜੀਵ ਗਾਂਧੀ ਨੈਸਨਲ ਲਾਅ ਯੂਨੀਵਰਸਿਟੀ ਪਟਿਆਲਾ ਤੋਂ ਐਲਐਲਬੀ ਅਤੇ ਐਲਐਲਐਮ ਕਰਨ ਉਪਰੰਤ ਪਹਿਲੇ ਪੜਾਅ ਵਿਚ ਸਖਤ ਮਿਹਨਤ ਕਰਕੇ ਸਫਲਤਾ ਪ੍ਰਾਪਤ ਕੀਤੀ। ਨਵਨੀਤ ਕੌਰ ਦੀ ਵੱਡੀ ਭੈਣ ਕਾਨਪੁਰ ਤੋਂ ਪੀਐਚਡੀ ਕਰ ਰਹੀ ਹੈ ਅਤੇ ਭਰਾ ਬੀ.ਐਡ. ਦੀ ਪੜ੍ਹਾਈ ਕਰ ਰਿਹਾ ਹੈ। ਪਿਤਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਬਤੌਰ ਐਸਡੀਓ ਸੇਵਾ ਨਿਭਾਅ ਰਹੇ ਹਨ ਅਤੇ ਮਾਤਾ ਘਰੇਲੂ ਹਨ।