ਰਾਮ ਮੰਦਰ ਸਮਾਗਮ: ਅਮਰੀਕਾ ’ਚ ਹਿੰਦੂਆਂ ਨੇ ਹਿਊਸਟਨ ’ਚ ਕੱਢੀ ਕਾਰ ਰੈਲੀ
ਹਿਊਸਟਨ, 9 ਜਨਵਰੀ
ਹਿੰਦੂ ਅਮਰੀਕੀ ਭਾਈਚਾਰੇ ਦੇ ਮੈਂਬਰਾਂ ਨੇ ਇਸ ਮਹੀਨੇ ਦੇ ਅੰਤ ਵਿੱਚ ਅਯੁੱਧਿਆ ਵਿੱਚ ਹੋਣ ਵਾਲੇ ਰਾਮ ਮੰਦਰ ਸਮਾਗਮ ਤੋਂ ਪਹਿਲਾਂ ਹਿਊਸਟਨ ਵਿੱਚ ਵਿਸ਼ਾਲ ਕਾਰ ਰੈਲੀ ਕੱਢੀ। ਇਹ ਰੈਲੀ ਭਜਨ ਗਾਉਂਦੀ ਅਤੇ ਜੈ ਸ੍ਰੀ ਰਾਮ ਦੇ ਨਾਅਰੇ ਲਾਉਂਦੀ ਹੋਈ ਰਸਤੇ ਵਿੱਚ 11 ਮੰਦਰਾਂ ਵਿੱਚ ਵੀ ਰੁਕੀ। ਅਮਰੀਕਾ ਦੀ ਵਿਸ਼ਵ ਹਿੰਦੂ ਪਰਿਸ਼ਦ (ਵੀਐੱਚਪੀਏ) ਨੇ 22 ਜਨਵਰੀ ਨੂੰ ਅਯੁੱਧਿਆ ਵਿੱਚ ਹੋਣ ਵਾਲੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਮੰਦਰ ਦੇ ਅਧਿਕਾਰੀਆਂ ਨੂੰ ਰਸਮੀ ਸੱਦਾ ਵੀ ਦਿੱਤਾ ਹੈ।
ਰਾਮ ਮੰਦਰ ਦੀ ਤਸਵੀਰ ਵਾਲੇ ਭਾਰਤੀ ਅਤੇ ਅਮਰੀਕਾ ਦੇ ਝੰਡੇ ਅਤੇ ਭਗਵੇ ਬੈਨਰ ਲੈ ਕੇ 500 ਤੋਂ ਵੱਧ ਲੋਕਾਂ ਨੇ 216 ਕਾਰਾਂ ਨਾਲ ਤਕਰੀਬਨ ਪੰਜ ਕਿਲੋਮੀਟਰ ਲੰਬੀ ਰੈਲੀ ਕੱਢੀ। ਇਸ ਦੌਰਾਨ ਅੱਠ ਪੁਲੀਸ ਮੁਲਾਜ਼ਮ ਵੀ ਆਪਣੇ ਮੋਟਰਸਾਈਕਲਾਂ ’ਤੇ ਰੈਲੀ ਦੇ ਨਾਲ ਮੌਜੂਦ ਸਨ। ਹਿਊਸਟਨ ਦੇ ਸਮਾਜ ਸੇਵਕ ਜੁਗਲ ਮਲਾਨੀ ਨੇ ਸ੍ਰੀ ਮੀਨਾਕਸ਼ੀ ਮੰਦਰ ਤੋਂ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਅਤੇ ਇਹ ਦੁਪਹਿਰ ਨੂੰ ਰਿਚਮੰਡ ਦੇ ਸ੍ਰੀ ਸ਼ਰਦ ਅੰਬਾ ਮੰਦਰ ਪਹੁੰਚ ਕੇ ਸਮਾਪਤ ਹੋਈ।