ਰਾਮਾਂ ਮੰਡੀ: ਚੋਰੀ ਦੀਆਂ ਘਟਨਾਵਾਂ ਖ਼ਿਲਾਫ਼ ਬਾਜ਼ਾਰ ਬੰਦ ਰੱਖਿਆ
ਹੁਸ਼ਿਆਰ ਸਿੰਘ ਘਟੌੜਾ
ਰਾਮਾਂ ਮੰਡੀ, 7 ਦਸੰਬਰ
ਇਥੇ ਅੱਜ ਤੜਕਸਾਰ ਇੱਕ ਕਾਰ ’ਤੇ ਆਏ ਪੰਜ ਚੋਰਾਂ ਨੇ ਥਾਣੇ ਨੇੜੇ ਨਾ ਸਿਰਫ ਕਰੀਬ ਪੰਜ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਕੀਤੀ ਬਲਕਿ ਖੁੱਲ੍ਹ ਕੇ ਗੁੰਡਾਗਰਦੀ ਵੀ ਕੀਤੀ। ਇਸ ਤੋਂ ਰੋਹ ਵਿੱਚ ਆਏ ਵਪਾਰੀਆਂ ਨੇ ਦੁਕਾਨਾਂ ਬੰਦ ਕਰਕੇ ਸਿਵਲ ਹਸਪਤਾਲ ਰੋਡ ਅਤੇ ਗਾਂਧੀ ਚੌਕ ’ਚ ਧਰਨਾ ਦਿੱਤਾ। ਮੰਡੀ ਵਾਸੀਆਂ ਨੇ ਕਿਹਾ ਕਿ ਅੱਜ ਸਵੇਰੇ ਇੱਕ ਨਵੀਂ ਕਾਰ ’ਤੇ ਸਵਾਰ 4/5 ਦੇ ਕਰੀਬ ਵਿਅਕਤੀਆਂ ਨੇ ਮੇਨ ਬਾਜ਼ਾਰ ਵਿਖੇ ਅਮਨ ਗਾਰਮੈਂਟਸ, ਹਸਪਤਾਲ ਬਜਾਰ ਵਿਖੇ ਅਜੇ ਟੈਲੀਕਾਮ, ਵਿਜੇ ਬੂਟ ਹਾਉਸ, ਦਿੱਲੀ ਰੈਡੀਮੇਡ, ਗਿਆਨ ਚੂੜੀ ਭੰਡਾਰ ਆਦਿ ਦੁਕਾਨਾਂ ਦੇ ਤਾਲੇ ਤੋੜਨ ਤੋਂ ਬਗੈਰ ਸ਼ਟਰ ਹੀ ਪੁੱਟ ਦਿੱਤੇ ਅਤੇ ਦੁਕਾਨਾਂ ਵਿੱਚੋਂ ਸਾਮਾਨ ਅਤੇ ਨਕਦੀ ਚੋਰੀ ਕਰਕੇ ਲੈ ਗਏ ਜਦੋਂ ਕੁਝ ਲੋਕਾਂ ਵਲੋਂ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਲੋਕਾਂ ’ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਫ਼ਰਾਰ ਹੋ ਗਏ। ਲੋਕਾ ਨੇ ਕਿਹਾ ਕਿ ਇਲਾਕੇ ਵਿੱਚ ਲਗਾਤਾਰ ‘ਆਪ’ ਸਰਕਾਰ ਮਗਰੋਂ ਚੋਰੀਆਂ, ਲੁੱਟਾਂ-ਖੋਹਾਂ ਵਧ ਗਈਆਂ ਹਨ। ਇੱਥੋਂ ਤੱਕ ਕਿ ਚੋਰਾਂ ਵੱਲੋਂ ਇਕ ਕਤਲ ਦੀ ਵਾਰਦਾਤ ਵੀ ਕੀਤੀ ਜਾ ਚੁੱਕੀ ਹੈ ਜਿਸ ਤੋਂ ਲੋਕ ਪੁਲੀਸ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਅਪਰਧਿਕ ਘਟਨਾਵਾਂ ਨੂੰ ਨਾਕਾਮ ਸਾਬਤ ਹੋਈ ਹੈ। ਇਸ ਸਬੰਧ ਵਿੱਚ ਥਾਣਾ ਮਨਜੀਤ ਸਿੰਘ ਨੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਸੀਸੀਟੀਵੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਜਿਸ ਤੋਂ ਬਾਅਦ ਉਹ ਸ਼ਾਂਤ ਹੋਏ।