ਰਾਮ ਬਾਬੂ ਨੇ ਪੈਰਿਸ ਓਲੰਪਿਕ ਲਈ ਕੁਆਲੀਫਿਕੇਸ਼ਨ ਮਿਆਰ ਹਾਸਲ ਕੀਤਾ
ਨਵੀਂ ਦਿੱਲੀ, 16 ਮਾਰਚ
ਭਾਰਤ ਦੇ ਰਾਮ ਬਾਬੂ ਨੇ ਅੱਜ ਸਲੋਵਾਕੀਆ ਵਿੱਚ ਡੁਡਿੰਸਕਾ 50 ਮੀਟ ਵਿੱਚ 1:20:00 ਸੈਕਿੰਡ ਦਾ ਵਿਅਕਤੀਗਤ ਸਰਵੋਤਮ ਸਮਾਂ ਕੱਢ ਕੇ ਪੈਰਿਸ ਓਲੰਪਿਕ ਲਈ ਪੁਰਸ਼ 20 ਕਿਲੋਮੀਟਰ ਰੇਸ ਕੁਆਲੀਫਿਕੇਸ਼ਨ ਮਿਆਰ ਹਾਸਲ ਕੀਤਾ। ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ 35 ਕਿਲੋਮੀਟਰ ਪੈਦਲ ਚਾਲ ਰੇਸ ਦੇ ਕਾਂਸੇ ਦਾ ਤਗ਼ਮਾ ਜੇਤੂ ਬਾਬੂ ਨੇ ਇਸ ‘ਰੇਸ ਵਾਕਿੰਗ ਟੂਰ’ ਦੇ ਗੋਲਡ ਪੱਧਰ ਦੇ ਟੂਰਨਾਮੈਂਟ ਵਿੱਚ ਚੰਗਾ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਲ ਕੀਤਾ। ਇਹ ਪਹਿਲੀ ਵਾਰ ਹੈ ਜਦੋਂ ਕੋਈ ਭਾਰਤੀ ਅਥਲੀਟ ਇਸ ਮੁਕਾਬਲੇ ਵਿੱਚ ਪੋਡੀਅਮ ’ਤੇ ਪਹੁੰਚਿਆ ਹੋਵੇ। ਓਲੰਪਿਕ ਕੁਆਲੀਫਿਕੇਸ਼ਨ ਲਈ ਕਟ ਆਫ ਮਾਨਕ 1:20:10 ਸੈਕਿੰਡ ਹੈ। ਪੇਰੂ ਦਾ ਸੀਜਰ ਰੌਡ੍ਰਿਗਜ਼ 1:19:41 ਸੈਕਿੰਡ ਦੇ ਸਮੇਂ ਨਾਲ ਪਹਿਲੇ, ਜਦਕਿ ਇਕੁਆਡੋਰ ਦਾ ਬ੍ਰਾਇਨ ਪਿੰਟਾਡੋ 1:19:44 ਸੈਕਿੰਡ ਦੇ ਸਮੇਂ ਨਾਲ ਦੂਜੇ ਸਥਾਨ ’ਤੇ ਰਿਹਾ। ਬਾਬੂ (24 ਸਾਲਾ) ਇਸ ਕੁਆਲੀਫਿਕੇਸ਼ਨ ਮਿਆਰ ਪਾਰ ਕਰਨ ਵਾਲਾ ਦੇਸ਼ ਦਾ ਸੱਤਵਾਂ ਪੁਰਸ਼ ਪੈਦਲ ਚਾਲ ਅਥਲੀਟ ਬਣਿਆ। ਅਜਿਹਾ ਕਰਨ ਵਾਲੇ ਹੋਰ ਪੈਦਲ ਚਾਲ ਅਥਲੀਟ ਅਕਸ਼ਦੀਪ ਸਿੰਘ, ਸੂਰਜ ਪੰਵਾਰ, ਸਰਵਨ ਸਬੈਸਿਟੀਅਨ, ਅਰਸ਼ਪ੍ਰੀਤ ਸਿੰਘ, ਪਰਮਜੀਤ ਬਿਸ਼ਟ ਅਤੇ ਵਿਕਾਸ ਸਿੰਘ ਹੈ। ਮਹਿਲਾਵਾਂ ਵਿੱਚ ਪ੍ਰਿਯੰਕਾ ਗੋਸਵਾਮੀ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਇਕਲੌਤੀ ਪੈਦਲ ਚਾਲ ਅਥਲੀਟ ਹੈ।
ਪ੍ਰਿਯੰਕਾ ਨੇ ਪਿਛਲੇ ਸਾਲ ਝਾਰਖੰਡ ਵਿੱਚ ਓਲੰਪਿਕ ਕੁਆਲੀਫਿਕੇਸ਼ਨ ਮਿਆਰ ਹਾਸਲ ਕੀਤਾ ਸੀ। -ਪੀਟੀਆਈ