ਸਾਈਕਲ ਚਲਾਉਣ ਦਾ ਰੁਝਾਨ ਵਧਾਉਣ ਲਈ ਰੈਲੀ
ਪੱਤਰ ਪ੍ਰੇਰਕ
ਮਹਿਲ ਕਲਾਂ, 6 ਅਕਤੂਬਰ
ਇੱਥੋਂ ਦੇ ਨੌਜਵਾਨਾਂ ਅਤੇ ਸਾਈਕਲਾਂ ਵਾਲੇ ‘ਬਾਈ ਗਰੁੱਪ’ ਵੱਲੋਂ ਨੌਜਵਾਨਾਂ ਵਿੱਚ ਸਾਈਕਲ ਚਲਾਉਣ ਦਾ ਸੱਭਿਆਚਾਰ ਪ੍ਰਫੁੱਲਤ ਕਰਨ ਅਤੇ ਮਜ਼ਬੂਤ ਭਾਈਚਾਰਕ ਸਾਂਝ ਦਾ ਸੁਨੇਹਾ ਦੇਣ ਲਈ ਸਾਂਝੇ ਤੌਰ ’ਤੇ ਮਹਿਲ ਕਲਾਂ ਅਤੇ ਗਹਿਲ ਤੋਂ ਸਾਇਕਲਿੰਗ ਰੈਲੀ ਸ਼ੁਰੂ ਕੀਤੀ ਗਈ। ਮਹਿਲ ਕਲਾਂ ਦੇ ਖੇਡ ਗਰਾਊਂਡ ਤੋਂ ਸ਼ੁਰੂ ਹੋਈ ਇਹ ਸੱਤਵੀਂ ਸਾਈਕਲਿੰਗ ਰੈਲੀ ਧਨੇਰ, ਚੱਕ ਦਾ ਪੁਲ ਤੇ ਮੂੰਮ ਤੋਂ ਹੁੰਦੀ ਹੋਈ ਵਾਪਸ ਮਹਿਲ ਕਲਾਂ ਖੇਡ ਗਰਾਊਂਡ ’ਚ ਪਹੁੰਚ ਕੇ ਸਮਾਪਤ ਹੋਈ।
ਦੂਜੇ ਪਾਸੇ ਸਾਈਕਲਾਂ ਵਾਲੇ ‘ਬਾਈ ਗਰੁੱਪ’ ਵੱਲੋਂ ਤੀਸਰੀ ਸਾਈਕਲਿੰਗ ਰੈਲੀ ਗਹਿਲ ਤੋਂ ਸ਼ੁਰੂ ਕੀਤੀ ਗਈ ਜੋ ਛੀਨੀਵਾਲ ਖ਼ੁਰਦ, ਸੱਦੋਵਾਲ ਤੇ ਚੱਕ ਦੇ ਪੁਲ ਪਹੁੰਚੀ ਜਿਸ ’ਚ 6 ਤੋਂ 86 ਸਾਲ ਤੱਕ ਦੇ ਵਿਅਕਤੀਆਂ ਨੇ ਜੋਸ਼ ਨਾਲ ਭਾਗ ਲਿਆ।
ਇਸ ਦੌਰਾਨ ਸੰਤ ਈਸ਼ਰ ਦਾਸ ਸੀਨੀਅਰ ਸੈਕੰਡਰੀ ਸਕੂਲ ਮੂੰਮ ਦੇ ਓਪਨ ਏਅਰ ਥੀਏਟਰ ਵਿੱਚ ਵਿਸ਼ੇਸ਼ ਤੌਰ ’ਤੇ ਪੁੱਜੇ ਯੂਟਿਊਬਰ ਤੇ ਬੁਲਾਰੇ ਸੁਖਜਿੰਦਰ ਸਿੰਘ ਲੋਪੋ ਨੇ ਕਿਹਾ ਕਿ ਜ਼ਿੰਦਗੀ ਦੀ ਦੌੜ ਹਮੇਸ਼ਾ ਲਗਾਤਾਰਤਾ ਨਾਲ ਆਪਣੇ ਨਿਸ਼ਾਨੇ ਪ੍ਰਤੀ ਮਿਹਨਤ ਕਰਦੇ ਲੋਕ ਹੀ ਜਿੱਤਦੇ ਹਨ। ਇਸ ਮੌਕੇ ਬਬਲਜੀਤ ਸਿੰਘ, ਵਰਿੰਦਰ ਦੀਵਾਨਾ, ਗੁਰਪ੍ਰੀਤ ਸਿੰਘ ਅਣਖੀ ਅਤੇ ਜਗਦੀਸ਼ ਸਿੰਘ ਪਨੂੰ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਤੰਦਰੁਸਤ ਰਹਿਣ ਲਈ ਸਾਈਕਲ ਚਲਾਉਣਾ ਚਾਹੀਦਾ ਹੈ।
ਇਸ ਮੌਕੇ ਕੁਲਦੀਪ ਸਿੰਘ ਹਠੂਰ, ਪੱਤਰਕਾਰ ਰਿਸ਼ੀ ਰਾਹੀ, ਪ੍ਰਿੰਸੀਪਲ ਬਬਲਜੀਤ ਸਿੰਘ ਤੇ ਅਰਸ਼ ਗੁਰੂ ਮਹਿਲ ਕਲਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਸੁਰਜੀਤ ਹਠੂਰ, ਸਰਬਜੀਤ ਸਿੰਘ ਸਰਬੀ, ਹਰੀ ਸਿੰਘ ਕਟੈਹੀਅਰ, ਮਿੱਠੂ ਮੁਹੰਮਦ, ਕੇਸਰ ਖਾਨ, ਦਲਬਾਰ ਸਿੰਘ, ਕਰਮਜੀਤ ਸਿੰਘ ਉੱਪਲ, ਅਤਿੰਦਰਪਾਲ ਸਿੰਘ ਤੇ ਸੁਲਤਾਨ ਦੀਵਾਨਾ ਆਦਿ ਹਾਜ਼ਰ ਸਨ।